ਤਰਨਤਾਰਨ: ਸਬ-ਡਿਵੀਸ਼ਨ ਪੱਟੀ ਦੇ ਪਿੰਡ ਸਭਰਾ ਵਿੱਚ ਬਣੇ ਸਬ ਪੋਸਟ ਆਫ਼ਿਸ ਵਿੱਚ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ ਦੀ ਪਿੰਡ ਦੇ ਕਈ ਲੋਕਾਂ ਦੀ ਰਕਮ ਧੋਖੇ ਨਾਲ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਬਨ ਕਿੰਨਾ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਡਾਕਘਰ ਦੇ ਉਚ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਡਾਕਘਰ ਸਭਰਾ ਦੇ ਬਾਹਰ ਇਕੱਠੇ ਹੋ ਕੇ ਦੱਸਿਆ ਕਿ ਇਥੇ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ ਵਲੋਂ ਡਾਕਘਰ ਵਿੱਚ ਜਮ੍ਹਾਂ ਕਰਵਾਏ ਜਾਂਦੇ ਪੈਸਿਆਂ ਦੀ ਐਂਟਰੀ ਲੈ ਕੇ ਕਾਪੀ ਵਿੱਚ ਮੋਹਰ ਲਗਾਕੇ ਦਰਜ਼ ਕਰ ਦਿੱਤੀ ਜਾਂਦੀ ਸੀ ਪਰ ਇਹ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕੀਤੇ ਜਾਂਦੇ ਸਨ ਤੇ ਨਾ ਹੀ ਉਨ੍ਹਾਂ ਨੂੰ ਕਾਪੀਆਂ ਵਾਪਿਸ ਕੀਤੀਆਂ ਜਾਂਦੀਆਂ ਸਨ।
ਇਸ ਕਰਕੇ ਉਨ੍ਹਾਂ ਨੂੰ ਖਾਤਿਆਂ ਵਿੱਚ ਜਮ੍ਹਾਂ ਪੈਸਿਆਂ ਦੇ ਵੇਰਵੇ ਨਹੀਂ ਮਿਲਦੇ ਸਨ। ਇਸੇ ਤਰ੍ਹਾਂ ਇੱਕ ਪਰਿਵਾਰ ਦੇ 49,000 ਰੁਪਏ ਖਾਤੇ ਵਿੱਚ ਜਮ੍ਹਾਂ ਸਨ ਜਦੋਂ ਉਨ੍ਹਾਂ ਆਪਣੇ ਪੈਸੇ ਕਢਵਾਉਣੇ ਚਾਹੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚ ਸਿਰਫ 5000 ਰੁਪਏ ਹੀ ਹਨ। ਉਨ੍ਹਾਂ ਇਸ ਦੀ ਸ਼ਿਕਾਇਤ ਪੱਟੀ ਦੇ ਡਾਕਘਰ ਵਿੱਚ ਕੀਤੀ ਤਾਂ ਪੋਸਟ ਮਾਸਟਰ ਇਨ੍ਹਾਂ ਨੂੰ 40,000 ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਦੀ ਗੱਲ ਕਰਨ ਲੱਗਾ ਪਰ ਪੀੜਿਤ ਪਰਿਵਾਰ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਜਦ ਪੱਟੀ ਤੋਂ ਆਏ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ।
ਮੌਕੇ 'ਤੇ ਜਾਂਚ ਕਰਨ ਪੁੱਜੇ ਪੱਟੀ ਦੇ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹ ਡਾਕਘਰ ਵਿੱਚ ਮੌਜੂਦ ਲੋਕਾਂ ਦੀਆਂ ਕਾਪੀਆਂ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ ਅਤੇ ਇਨ੍ਹਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੁਬੇਗ ਸਿੰਘ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਲੋਕਾਂ ਦੇ ਜਿੰਨੇ ਪੈਸੇ ਬਣਦੇ ਹਨ ਦਿਵਾਏ ਜਾਣਗੇ।