ਤਰਨ ਤਾਰਨ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਘਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਲਈ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੇ ਅੱਥਰੂ ਪੂੰਝਣ ਲਈ ਨਿੱਜੀ ਕੰਪਨੀਆਂ ਦਾ ਸਹਾਰਾ ਲੈ ਕੇ ਰੁਜ਼ਗਾਰ ਮੇਲੇ ਤਾਂ ਲਗਾਏ ਜਾ ਰਹੇ ਹਨ ਪਰ ਵਧੇਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਰੁਜ਼ਗਾਰ ਮੇਲਿਆ ਵਿੱਚ ਰੁਜ਼ਗਾਰ ਦੀ ਥਾਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।
ਕੁੱਝ ਨੌਜਵਾਨ ਤਾਂ ਕੰਪਨੀਆਂ ਵੱਲੋਂ ਘੱਟ ਤਨਖ਼ਾਹ ਅਤੇ ਦੂਰ ਥਾਂ ਭੇਜੇ ਜਾਣ ਤੋਂ ਨੌਕਰੀ ਲੈਣ ਲਈ ਕਤਰਾ ਰਹੇ ਹਨ। ਇਸ ਦੀ ਮਿਸਾਲ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਰੁਜ਼ਗਾਰ ਮੇਲੇ ਵਿੱਚ ਵੇਖਣ ਨੂੰ ਮਿਲਦੀ ਹੈ। ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਦੇ ਵਾਅਦਿਆਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਰੁਜ਼ਗਾਰ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਦਰਜਨ ਦੇ ਕਰੀਬ ਕੰਪਨੀਆਂ ਦੇ ਨੁਮਇੰਦਿਆਂ ਵੱਲੋਂ ਪਹੁੰਚ ਕੇ ਉਨ੍ਹਾਂ ਦੀ ਇੰਟਰਵਿਊ ਲਈ ਗਈ ਅਤੇ ਫ਼ਾਰਮ ਭਰਵਾ ਕੇ ਉਨ੍ਹਾਂ ਨੂੰ ਘਰਾਂ ਵੱਲ ਤੋਰ ਦਿੱਤਾ ਗਿਆ।ਨੌਕਰੀ ਹਾਸਲ ਕਰਨ ਦੀ ਆਸ ਨਾਲ ਪਹੁੰਚੇ ਬੇਰੁਜ਼ਗਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆਂ ਕਿ ਨੌਕਰੀ ਤਾਂ ਕਿ ਮਿਲਣੀ ਸੀ ਬਸ ਫਾਰਮ ਭਰਵਾ ਕੇ ਰੱਖ ਲਏ ਹਨ ਅਤੇ ਬਾਅਦ ਵਿੱਚ ਫੋਨ ਕਰ ਕੇ ਬਲਾਉਣ ਦਾ ਭਰੋਸਾ ਦੇ ਕੇ ਤੋਰ ਦਿੱਤਾ ਹੈ। ਬੇਰੁਜ਼ਗਾਰਾਂ ਨੇ ਉਕਤ ਮੇਲਿਆਂ ਨੂੰ ਖੱਜਲ ਖਵਾਰੀ ਦਾ ਸਾਧਨ ਦੱਸਦਿਆਂ ਕਿਹਾ ਜੋ ਪੜਾਈ ਉਨ੍ਹਾਂ ਵੱਲੋ ਕੀਤੀ ਗਈ ਉਹ ਰੁਜ਼ਗਾਰ ਇਨ੍ਹਾਂ ਕੰਪਨੀਆਂ ਕੋਲ ਹੈ ਹੀ ਨਹੀ। ਬੇਰੁਜ਼ਗਾਰਾਂ ਨੇ ਕਿਹਾ ਕਿ ਉਕਤ ਰੁਜ਼ਗਾਰ ਮੇਲੇ ਲਗਾ ਕੇ ਉਨ੍ਹਾਂ ਨੂੰ ਸਿਰਫ਼ ਮੂਰਖ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਹੁਣ ਤੱਕ ਇਨ੍ਹਾਂ ਰੁਜ਼ਗਾਰ ਮੇਲਿਆ ਰਾਹੀਂ ਜ਼ਿਲ੍ਹੇ ਭਰ ਵਿੱਚ ਪੰਜ ਹਜ਼ਾਰ ਦੇ ਕਰੀਬ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਵਾਇਆ ਜਾ ਚੁੱਕਾ ਹੈ ਤੇ ਇਹ ਮੇਲੇ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਤਹਿਤ ਲਗਾਏ ਜਾ ਰਹੇ ਹਨ।