ਤਰਨਤਾਰਨ:ਜ਼ਿਲ੍ਹੇ ਦੇ ਪੌਸ਼ ਇਲਾਕੇ ਗੋਲਡ ਇਨਕਲੇਵ ’ਚ ਰਹਿੰਦੇ ਸਾਬਕਾ ਕੌਂਸਲਰ ਅਤੇ ਤਰਨਤਾਰਨ ਦੀ ਪ੍ਰਸਿੱਧ ਸ਼ਖ਼ਸੀਅਤ ਸਵਿੰਦਰ ਸਿੰਘ ਅਰੋੜਾ ਦੇ ਘਰ ਅੱਧਾ ਦਰਜਨ ਹਥਿਆਰਬੰਦ ਲੁਟੇਰੇ ਦਾਖਲ ਹੋਏ ਅਤੇ ਲੁੱਟ-ਖੋਹ ਕਰਨ ਲੱਗੇ। ਜਦਕਿ, ਸਾਬਕਾ ਕੌਂਸਲਰ ਦੀ ਨੂੰਹ ਨੇ ਇਸੇ ਦੌਰਾਨ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਕੇ ਪਤੀ ਨੂੰ ਫੋਨ ਕਰ ਦਿੱਤਾ ਅਤੇ ਉਸ ਦੇ ਮੌਕੇ ’ਤੇ ਪਹੁੰਚ ਜਾਣ ਤੋਂ ਬਾਅਦ ਲੁਟੇਰੇ ਅੰਨ੍ਹੇਵਾਹ ਗੋਲ਼ੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਹਾਲਾਂਕਿ, ਇਸ ਦੌਰਾਨ ਲੁਟੇਰੇ ਦੋ ਪਰਸ ਤੇ ਇਕ ਮੋਬਾਈਲ ਫੋਨ ਲੁੱਟ ਕੇ ਲੈ ਗਏ।
ਪਿਸਤੌਲ ਦੀ ਨੋਕ ਉੱਤੇ ਲੁੱਟ:ਸਾਬਕਾ ਕੌਂਸਲਰ ਸਵਿੰਦਰ ਸਿੰਘ ਅਰੋੜਾ ਦੇ ਪੁੱਤਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੋਲਡਨ ਇਨਕਲੇਵ ’ਚ ਸਥਿਤ ਰਿਹਾਇਸ਼ ’ਤੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 6 ਨਕਾਬਪੋਸ਼ਾਂ ’ਚੋਂ 4 ਘਰ ਦੇ ਅੰਦਰ ਚਲੇ ਗਏ, ਜਿੱਥੇ ਉਨ੍ਹਾਂ ਨੇ ਉਸ ਦੀ ਮਾਤਾ ਦਵਿੰਦਰ ਕੌਰ (67) ਨੂੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਘਰ ਦੇ ਇਕ ਕਮਰੇ ਦੀ ਅਲਮਾਰੀ ਵਿੱਚ ਫਰੋਲਾ-ਫਰਾਲੀ ਕਰਨ ਲੱਗ ਪਏ। ਲੁਟੇਰਿਆਂ ਨੂੰ ਘਰ ਵਿਚ ਹੋਰ ਲੋਕਾਂ ਦੀ ਹੋਣ ਦੀ ਭਿਣਕ ਲੱਗਦਿਆਂ ਹੀ ਉਨ੍ਹਾਂ ਨੇ ਉਸ ਦੀ ਮਾਤਾ ਦੀ ਕੰਨਪਟੀ ’ਤੇ ਪਿਸਤੌਲ ਤਾਣ ਕੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਤੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਪਿਸਤੌਲ ਦੀ ਨੋਕ ’ਤੇ ਰੱਖਿਆ। ਉਨ੍ਹਾਂ ਦੱਸਿਆ ਕਿ ਜਦੋਂ ਪਤਨੀ ਕਮਰੇ ਅੰਦਰ ਬੰਦ ਸੀ ਤਾਂ ਉਸ ਨੇ ਫੋਨ ਕਰਕੇ ਸਾਨੂੰ ਇਹ ਸੂਚਨਾ ਦਿੱਤੀ ਕਿ ਘਰ ਅੰਦਰ ਕੁੱਝ ਬਦਮਾਸ਼ ਦਾਖਲ ਹੋਏ ਹਨ।