ਪੰਜਾਬ

punjab

ETV Bharat / state

ਬੇਨਿਯਮੀਆਂ ਅਤੇ ਬੇਅਦਬੀਆਂ ਲਈ ਸਵਾਲਾਂ ਦੇ ਘੇਰੇ 'ਚ ਸ਼੍ਰੋਮਣੀ ਕਮੇਟੀ

ਲੰਮਾ ਸਮਾਂ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਤੈਨਾਤ ਰਹੇ ਮੈਨੇਜਰ ਬਲੀ ਸਿੰਘ ਦੇ ਪੁੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕਰਦਿਆ ਫਲੈਕਸ ਬੋਰਡ ਲਗਾਏ ਹਨ।

ਫ਼ੋਟੋ।
ਫ਼ੋਟੋ।

By

Published : Sep 15, 2020, 11:18 AM IST

ਤਰਨਤਾਰਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲੰਮਾ ਸਮਾਂ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਤੈਨਾਤ ਰਹੇ ਮੈਨੇਜਰ ਬਲੀ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕਰਦਿਆਂ ਫਲੈਕਸ ਬੋਰਡ ਲਗਾਇਆ ਹੈ। ਬੋਰਡ 'ਤੇ ਲਿਖਿਆ ਹੈ, "ਪਾਪ ਦਾ ਘੜਾ ਭਰ ਗਿਆ।"

ਭੁਪਿੰਦਰ ਸਿੰਘ ਬੈਂਕ ਤੋਂ ਰਿਟਾਇਰਡ ਅਧਿਕਾਰੀ ਹਨ। ਉਨ੍ਹਾਂ ਗੋਇੰਦਵਾਲ ਸਾਹਿਬ ਵਿਖੇ ਆਪਣੇ ਪਟਰੋਲ ਪੰਪ 'ਤੇ ਫਲੈਕਸ ਬੋਰਡ ਲਗਾ ਕੇ ਪਿਛਲੇ ਸਮੇਂ ਵਿੱਚ ਗੁਰਦੁਆਰਿਆਂ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਬੇਅਦਬੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ।

ਵੇਖੋ ਵੀਡੀਓ

ਭੁਪਿੰਦਰ ਸਿੰਘ ਨੇ ਇਸ ਸਭ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਮੇਟੀ ਨੂੰ ਭੰਗ ਕਰਨ ਅਤੇ ਜਥੇਦਾਰ ਸਾਹਿਬ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

ਉਨ੍ਹਾਂ ਬੋਰਡ 'ਤੇ ਬੇਨਿਯਮੀਆਂ ਗਿਣਾਉਂਦਿਆਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤੇ ਹਨ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਕਿਉਂ ਹੈ ? ਇਹ ਵੀ ਪੁੱਛਿਆ ਗਿਆ ਹੈ ਕਿ ਇਨਕੁਆਇਰੀ ਕਮਿਸ਼ਨ ਨੂੰ ਸਹਿਯੋਗ ਦੇਣ ਦੀ ਥਾਂ ਨਕਾਰ ਕੇ ਸ਼੍ਰੋਮਣੀ ਕਮੇਟੀ ਦਾ ਇਜਲਾਸ ਸੱਦ ਕੇ ਬੇਅਦਬੀ 'ਤੇ ਕਿਉਂ ਪਰਦਾ ਪਾਇਆ ਗਿਆ ਹੈ ?

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦਾ ਜ਼ਿਕਰ ਕਰਦਿਆਂ ਕਮੇਟੀ 'ਤੇ ਉਕਤ ਮਾਮਲੇ ਨੂੰ ਖ਼ੁਰਦ ਬੁਰਦ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰਾਂ ਦੀ ਥਾਂ ਕਾਰਜਕਾਰੀ ਜਥੇਦਾਰ ਲਗਾ ਕੇ ਕੰਮ ਚਲਾਉਣ ਨੂੰ ਕਮੇਟੀ ਦੀ ਕਮਜ਼ੋਰੀ ਦੱਸਿਆ ਗਿਆ ਹੈ।

ਇਸ ਦੇ ਨਾਲ ਹੀ ਬੋਰਡ 'ਤੇ ਭੁਪਿੰਦਰ ਸਿੰਘ ਨੇ ਚੰਦੋਇਆ ਦਾ ਘਪਲਾ, ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਦਾ ਘਪਲਾ, ਦਾਲਾਂ ਸਬਜ਼ੀਆਂ ਦਾ ਘਪਲਾ, ਜ਼ਮੀਨ ਜਾਇਦਾਦਾਂ ਅਤੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਤੇ ਤਰੱਕੀਆਂ ਵਿੱਚ ਘਪਲਾ ਕਰਨ ਦੇ ਦੋਸ਼ ਲਗਾਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 12 ਕਰੋੜ ਰੁਪਏ ਦਾ ਪੰਡਾਲ ਲਗਾਉਣ ਦੇ ਦੋਸ਼ ਲਗਾਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਅਸਤੀਫੇ ਦੇ ਕੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣੀ ਚਾਹੀਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜੇ ਉਕਤ ਲੋਕ ਆਪਣੀ ਭੁੱਲ ਨਹੀਂ ਬਖਸ਼ਾਉਂਦੇ ਤਾਂ ਸੰਗਤ ਨਵੰਬਰ ਵਿੱਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਉਕਤ ਲੋਕਾਂ ਦਾ ਬਾਈਕਾਟ ਕਰਨ।

ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਫਿਲਹਾਲ ਸੋਸ਼ਲ ਮੀਡੀਆ ਦਾ ਸਾਹਰਾ ਲੈਣਗੇ ਤੇ ਜੇ ਕਮੇਟੀ ਚੋਣਾਂ ਨਜ਼ਦੀਕ ਆਉਂਦੀਆਂ ਹਨ ਤਾਂ ਉਹ ਪਿੰਡਾਂ ਵਿੱਚ ਜਾ ਕੇ ਵੀ ਲੋਕਾਂ ਨੂੰ ਉਕਤ ਘਪਲਿਆ ਬਾਰੇ ਜਾਗਰੂਕ ਕਰਨਗੇ।

ABOUT THE AUTHOR

...view details