ਤਰਨਤਾਰਨ : ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋਏ ਸਾਡੇ ਨੌਜਵਾਨ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਚੰਗਾ ਭਵਿੱਖ ਬਣ ਸਕੇ। ਵਿਦੇਸ਼ ਜਾਣ ਲਈ ਨੌਜਵਾਨ ਕਰਜ਼ਾ ਵੀ ਚੁੱਕ ਰਹੇ ਹਨ। ਚੰਗੇ ਭਵਿੱਖ ਵਾਸਤੇ ਦੁਬਈ ਗਏ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਦੇ ਨੌਜਵਾਨ ਵਿਜੇਪਾਲ ਸਿੰਘ ਪੁੱਤਰ ਤਰਸੇਮ ਸਿੰਘ ਪਿਛਲੇ ਇੱਕ ਹਫਤੇ ਤੋਂ ਉੱਥੇ ਲਾਪਤਾ ਹੈ।
ਪਰਿਵਾਰ ਦਾ ਰੋ-ਰੋ ਬੁਰਾ ਹਾਲ :ਪਿੱਛੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਵਿਜੇਪਾਲ ਸਿੰਘ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਦੋ ਮਹਿਨੇ ਪਹਿਲਾਂ ਉਸ ਦਾ ਪੁੱਤਰ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਦੁਬਈ ਗਿਆ ਸੀ ਤੇ ਪਿਛਲੇ ਇੱਕ ਹਫਤੇ ਤੋਂ ਲਾਪਤਾ ਹੈ। ਉਸ ਦੇ ਨਾਲ ਸਾਡਾ ਕੋਈ ਵੀ ਸਪੰਰਕ ਨਹੀਂ ਹੋ ਰਿਹਾ ਹੈ। ਅਸੀਂ ਪਰੇਸ਼ਾਨੀ ਦੇ ਚੱਲਦੇ ਉਸ ਦੀ ਕੰਪਨੀ ਤੇ ਏਜੰਟ ਨਾਲ ਵੀ ਗੱਲ ਕੀਤੀ ਪਰ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਵਿਜੇਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ. ਬੇਟਾ ਅਗਮਜੋਤ ਸਿੰਘ ਉਮਰ 4 ਸਾਲ ਤੇ ਬੇਟਾ ਸੰਨਦੀਪ ਸਿੰਘ ਉਮਰ 2 ਸਾਲ ਹੈ। ਉਸ ਦਾ ਪਤੀ ਇਥੇ ਕੋਈ ਵੀ ਰੁਜ਼ਗਾਰ ਤੇ ਕਮਾਈ ਦਾ ਸਾਧਨ ਨਾ ਹੋਣ ਕਾਰਨ ਵਿਦੇਸ਼ ਗਿਆ ਸੀ।