ਤਰਨਤਾਰਨ:ਦੇਸ਼ ਅੰਦਰ ਦਿਨੋਂ-ਦਿਨ ਵੱਧ ਰਹੀ ਬੇਰੁਜ਼ਗਾਰੀ ਕਾਰਨ ਆਪਣੇ ਘਰ ਤੋਂ ਬਾਹਰ ਦੂਜੇ ਸੂਬੇ ਵਿੱਚ ਰੋਜ਼ੀ ਰੋਟੀ ਕਮਾਉਣ ਖਾਤਿਰ ਗਏ, ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ (Village Kalsian Kalan of Tarn Taran) ਦੇ 31 ਸਾਲਾਂ ਨੌਜਵਾਨ ਦੀ ਗੋਆ ਵਿੱਚ ਮੌਤ (Death in Goa) ਹੋ ਗਈ। ਇੱਕ ਪ੍ਰਾਈਵੇਟ ਫੈਕਟਰੀ ਅੰਦਰ ਕੈਮੀਕਲ ਵਾਲਾ ਸਿਲੰਡਰ ਫਟ ਜਾਣ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੀ ਦੇਹ ਨੂੰ ਗੋਆ ਤੋਂ ਲੈ ਕੇ ਪਿੰਡ ਪਹੁੰਚੇ ਨੌਜਵਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਕੱਠੇ ਹੀ ਗੋਆ ਦੇ ਸ਼ਹਿਰ ਮੁੜਗਾਓਂ ਦਾ ਇੱਕ ਕਸਬਾ ਬਿਰਲਾ ਦੇ ਜੁਆਰੀ ਨਗਰ ਵਿੱਚ ਬਣੀ ਇੱਕ ਪ੍ਰਾਈਵੇਟ ਫੈਕਟਰੀ ਜਬਾਰੀ ਐਗਰੋ ਕੈਮੀਕਲ ਲਿਮਟਿਡ (Factory Jabari Agro Chemical Ltd.) ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਨਾਲ ਹੋਰ ਵੱਖ-ਵੱਖ ਸੂਬਿਆਂ ਦੇ ਨੌਜਵਾਨ ਵੀ ਕੰਮ ਕਰ ਰਹੇ ਸਨ।
ਜਸਪ੍ਰੀਤ ਨੇ ਦੱਸਿਆ ਬੀਤੇ 8 ਮਹੀਨੇ ਪਹਿਲਾਂ ਕੰਪਨੀ ਬੰਦ ਹੋ ਗਈ ਸੀ, ਪਰ ਦੁਬਾਰਾ ਫਿਰ ਚਾਲੂ ਹੋਣ ‘ਤੇ ਕੰਪਨੀ ਦੇ ਸੁਪਰਵਾਈਜ਼ਰ ਵੱਲੋਂ ਜਸਕਰਨ ਸਿੰਘ ਨੂੰ ਕੈਮੀਕਲ ਟੈਂਕਰ ਦੀ ਰਿਪੇਅਰ ਕਰਨ ਨੂੰ ਕਿਹਾ ਸੀ, ਜਿਸ ਵਿੱਚ ਜਸਕਰਨ ਸਿੰਘ ਦੇ ਨਾਲ ਬਿਹਾਰ ਤੋਂ ਮਿਥਣ ਜੈਨ ਅਤੇ ਬੰਗਾਲ ਤੋਂ ਇੰਦਰਜੀਤ ਗੋਸ਼ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਮੀਕਲ ਟੈਂਕਰ ਦੇ ਨਟ ਬੋਲਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ, ਕਿ ਅਚਾਨਕ ਹੀ ਟੈਂਕਰ ਫਟ ਗਿਆ, ਜਿਸ ਵਿੱਚ ਇਨ੍ਹਾਂ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ।