ਤਰਨ ਤਾਰਨ: ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਰੱਤੋਕੇ ਵਿਖੇ ਬੀਤੀ ਰਾਤ ਬਿਜਲੀ ਬੋਰਡ ਦੇ ਜੇਈ ਲਖਵੰਤ ਸਿੰਘ ਤੇ ਲਾਈਨਮੈਨ ਬਲਜੀਤ ਸਿੰਘ ਬਿਜਲੀ ਚੋਰੀ ਕਰਨ ਵਾਲਿਆਂ ਦੇ ਘਰਾਂ ਤੇ ਦੁਕਾਨਾਂ ਵਿੱਚ ਛਾਪੇਮਾਰੀ ਕਰਨ ਗਏ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਫ਼ਿਲਹਾਲ ਉਹ ਹਸਵਤਾਲ ਵਿੱਚ ਜ਼ੇਰੇ ਇਲਾਜ ਹਨ।
ਜਖ਼ਮੀ ਹਾਲਤ ਵਿੱਚ ਪਏ ਬਿਜਲੀ ਬੋਰਡ ਦੇ ਜੇਈ ਲਖਵੰਤ ਸਿੰਘ ਤੇ ਲਾਈਨਮੈਨ ਬਲਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਸਬ ਡਵੀਜ਼ਨ ਖੇਮਕਰਨ ਵਿੱਚ ਡਿਊਟੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਬੀਤੀ ਸ਼ਾਮ ਸੋਮਵਾਰ ਨੂੰ ਰੂਟੀਨ ਦੀ ਤਰ੍ਹਾਂ ਬਿਜਲੀ ਚੋਰੀ ਫੜਨ ਲਈ ਪਿੰਡ ਰੱਤੋਕੇ ਵਿਖੇ ਗਏ, ਤਾਂ ਉਨ੍ਹਾਂ ਦੇਖਿਆ ਕਿ ਪਿੰਡ ਵਿੱਚ ਬਹਾਦਰ ਸਿੰਘ ਨਾਂਅ ਦੇ ਵਿਅਕਤੀ ਜੋ ਕਿ ਆਟਾ ਚੱਕੀ ਚਲਾ ਰਿਹਾ ਸੀ। ਉਸ ਚੱਕੀ ਦਾ ਕੁਨੈਕਸ਼ਨ ਉਨ੍ਹਾਂ ਦੀ ਕਿਸੇ ਘਰ ਦੀ ਮਹਿਲਾ ਮੈਂਬਰ ਦੇ ਨਾਂਅ 'ਤੇ ਹੈ।
ਉਨ੍ਹਾਂ ਦੇਖਿਆ ਕਿ ਉਸ ਆਟਾ ਚੱਕੀ ਦੀਆਂ ਤਾਰਾਂ ਮੀਟਰ ਤੋਂ ਬਾਹਰ ਸਿੱਧੀਆਂ ਲੱਗੀਆਂ ਹੋਈਆਂ ਹਨ, ਤਾਂ ਉਨ੍ਹਾਂ ਨੇ ਉਨ੍ਹਾਂ ਤਾਰਾਂ ਨੂੰ ਫੜ ਲਿਆ ਅਤੇ ਆਪਣੇ ਕਬਜ਼ੇ ਵਿੱਚ ਕਰਕੇ ਚੱਕੀ ਮਾਲਕ ਬਹਾਦਰ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਨੀ ਚਾਹੀ। ਉਨ੍ਹਾਂ ਦੱਸਿਆ ਕਿ ਗੱਲ ਕਰਨ ਦੀ ਬਜਾਏ ਉਕਤ ਵਿਅਕਤੀਆਂ ਨੇ ਇਸ ਕਾਰਵਾਈ ਤਹਿਤ ਗੁੱਸੇ ਵਿੱਚ ਆ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਦੇ ਕਈ ਗੰਭੀਰ ਸੱਟਾਂ ਲੱਗੀਆਂ ਅਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਪ੍ਰਾਈਵੇਟ ਬਰੇਜਾ ਕਾਰ ਵੀ ਭੰਨ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇੱਕਠਾ ਹੁੰਦੇ ਵੇਖ ਕੇ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ।
ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਖੇਮਕਰਨ ਵਿਖੇ ਇਤਲਾਹ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦੋਂ ਇਸ ਸਬੰਧੀ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਰਾਜਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਕੋਈ ਲਿਖ਼ਤੀ ਸ਼ਿਕਾਇਤ ਨਹੀਂ ਦਿੱਤੀ ਗਈ ਜੇ ਸ਼ਿਕਾਇਤ ਦਿੰਦੇ ਹਨ ਤਾਂ ਜੋ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ, ਉਹ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਉਹ ਜੋ ਜਿਉਂਦੇ ਨੇ ਅਣਖ ਦੇ ਨਾਲ - ਭਾਗ 9