ਤਰਨਤਾਰਨ : ਪੁਲਿਸ ਦੀ ਨਸ਼ਾ ਤਸਕਰਾਂ ਵਿਰੁੱਧ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੇ ਨਾਂਅ ਉਜਾਗਰ ਕਰਨ ਦੇ ਪੋਸਟਰ ਲਗਾ ਕੇ ਪ੍ਰਸ਼ਾਸਨ ਦੀ ਨਾਲਾਇਕੀ ਦੀ ਪੋਲ ਖੋਲ੍ਹੀ ਜਾ ਰਹੀ ਹੈ।
ਨਸ਼ਾ ਤਸਕਰਾਂ ਦੇ ਨਾਂਅ ਵਾਲੇ ਪੋਸਟਰ ਬਣੇ ਚਰਚਾ ਦਾ ਵਿਸ਼ਾ। ਅਜਿਹਾ ਹੀ ਮਾਮਲਾ ਪਿੰਡ ਵੜਿੰਗ ਸੂਬਾ ਸਿੰਘ ਦਾ ਸਾਹਮਣੇ ਆਇਆ ਹੈ ਜਿਥੇ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਨਸ਼ਾ ਤਸਕਰਾਂ ਦੇ ਨਾਂਅ ਦੇ ਪੋਸਟਰ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨਾ ਹੋਣ ਦਾ ਠੀਕਰਾ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ 'ਤੇ ਭੰਨਿਆ ਜਾ ਰਿਹਾ ਹੈ। ਉੱਥੇ ਹੀ ਪਿੰਡ ਵੜਿੰਗ ਸੂਬਾ ਸਿੰਘ ਦੇ ਵਾਸੀਆਂ ਦੀ ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਚਾਰ-ਚੁਫੇਰਿਓ ਪ੍ਰਸ਼ੰਸਾ ਦਾ ਵਿਸ਼ਾ ਬਣੀ ਜਾ ਰਹੀ ਹੈ।
ਪਿੰਡ ਦੀ ਕੰਧ 'ਤੇ ਲੱਗੇ ਪੋਸਟਰਾਂ ਵਿੱਚ ਬਹੁਤੇ ਨਾਂਅ ਸੱਤਾਧਾਰੀ ਪਾਰਟੀ ਨਾਲ ਸਬੰਧਤ ਸੰਮਤੀ ਮੈਂਬਰ, ਪੰਚਾਇਤ ਮੈਂਬਰ ਅਤੇ ਕਈ ਹੋਰ ਮੋਹਤਬਰਾਂ ਦੇ ਹਨ ਜਿੰਨ੍ਹਾਂ ਦੀ ਪਿੰਡ ਵਾਸੀ ਦੱਬੀ ਜ਼ੁਬਾਨ ਵਿੱਚ ਹਾਮੀ ਵੀ ਭਰਦੇ ਹਨ। ਪਿੰਡ ਵਾਸੀਆਂ ਨੇ ਨਸ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜੋ ਪੋਸਟਰ ਲਗੇ ਸਨ, ਉਨ੍ਹਾਂ ਨੂੰ ਨਸ਼ਾ ਵੇਚਣ ਵਾਲਿਆਂ ਨੇ ਪਾੜ ਦਿੱਤਾ।
ਇਸ ਸਬੰਧੀ ਥਾਣਾ ਗੋਇੰਦਵਾਲ ਦੇ ਐੱਸਐੱਚਓ ਅਜੈ ਕੁਮਾਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਪੁਲਿਸ ਰੇਡ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ।