ਤਰਨਤਾਰਨ: ਆਮ ਦੇਖਿਆ ਜਾਂਦਾ ਹੈ ਕਿ ਮੀਂਹ ਪੈਣ ਕਾਰਨ ਸੜਕਾਂ 'ਤੇ ਪਾਣੀ ਭਰ ਜਾਂਦਾ ਹੈ ਪਰ ਹਲਕਾ ਖੇਮਕਰਨ ਦੇ ਪਿੰਡ ਡੱਲ ਵਿੱਚ ਨਾਂ ਹੀ ਮੀਂਹ ਪਿਆ ਹੈ ਪਰ ਫਿਰ ਵੀ ਇੱਕ ਪਰਿਵਾਰ ਦਾ ਘਰ ਚਾਰੇ ਪਾਸਿਓਂ ਛੱਪੜ ਦੇ ਪਾਣੀ ਵਿੱਚ ਰਹਿਣ ਨੂੰ ਮਜਬੂਰ ਹੈ। ਇਸ ਬਾਰੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛੋਟੇ-ਛੋਟੇ ਬੱਚਿਆਂ ਸਮੇਤ ਘਰ ਦੇ ਹੋਰ ਮੈਬਰਾਂ ਨੂੰ ਵੀ ਛੱਪੜ ਦੇ ਪਾਣੀ ਵਿੱਚੋਂ ਹੀ ਲੰਘ ਕਿ ਜਾਣਾ ਪੈਂਦਾ ਹੈ। ਇੱਥੇ ਤੱਕ ਕਿ ਉਨ੍ਹਾਂ ਦੇ ਘਰ ਦੇ ਬਾਹਰ ਰਾਹ ਵੀ ਨਹੀਂ ਹੈ ਤਾਂ ਕਿ ਉਹ ਆਸਾਨੀ ਨਾਲ ਘਰ ਤੋਂ ਬਾਹਰ ਜਾ ਸਕਣ। ਉਨ੍ਹਾਂ ਕਿਹਾ ਕਿ ਬਰਸਾਤਾਂ ਵੇਲੇ ਤਾਂ ਹੋਰ ਵੀ ਔਖਾ ਹੋ ਜਾਂਦਾ ਹੈ, ਪਰ ਬਿਨਾਂ ਬਰਸਾਤ ਤੋਂ ਵੀ ਅਜਿਹੇ ਹਾਲਾਤਾਂ ਵਿੱਚੋ ਗੁਜ਼ਰਨਾ ਪੈ ਰਿਹਾ ਹੈ।
ਪਿੰਡ ਡੱਲ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਗਰੀਬ ਪਰਿਵਾਰ
ਤਰਨਤਾਰਨ ਦੇ ਪਿੰਡ ਡੱਲ ਵਿੱਚ ਇੱਕ ਪਰਿਵਾਰ ਵੱਲੋਂ ਛੱਪੜ ਵਿੱਚ ਰਹਿਣ ਨੂੰ ਮਜਬੂਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਬੱਚੇ ਬਾਹਰ ਪਾਣੀ ਵਿੱਚ ਖੇਡਣ ਜਾਂਦੇ ਹਨ ਤਾਂ ਬੱਚਿਆਂ ਨਾਲ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਗਲੀ ਬਣਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਛੁੱਟਕਾਰਾ ਮਿਲ ਸਕੇ।
ਜਦੋਂ ਇਸ ਸਬੰਧੀ ਭਿੱਖੀਵਿੰਡ ਦੇ ਬੀਡੀਪੀਓ ਰਾਮ ਤਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਨਿਕਾਸ ਲਈ ਪੋਰੇ ਪਵਾਏ ਜਾ ਰਹੇ ਹਨ, ਜੇ ਇਨ੍ਹਾਂ ਦਾ ਪਾਣੀ ਫਿਰ ਵੀ ਖ਼ਤਮ ਨਹੀਂ ਹੁੰਦਾ ਤਾਂ ਹੋਰ ਪੋਰੇ ਪਾ ਕਿ ਜਲਦ ਪਰਿਵਾਰ ਨੂੰ ਪਾਣੀ ਤੋਂ ਨਿਜਾਤ ਦਿਵਾਈ ਜਾ ਸਕੇਗੀ।