ਤਰਨਤਾਰਨ: ਪਾਕਿਸਤਾਨ ਲਗਾਤਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਪਾਸੇ ਲਗਾਉਣ ਦੀ ਨੀਅਤ ਨਾਲ ਡਰੋਨ ਜ਼ਰੀਏ ਹੈਰੋਇਨ ਭੇਜਦਾ ਰਹਿੰਦਾ ਹੈ। ਇਸ ਨੂੰ ਨਾਕਾਮ ਕਰਨ ਲਈ ਬੀਐੱਸਐੱਫ ਅਤੇ ਪੰਜਾਬ ਪੁਲਿਸ ਸੁਚੇਤ ਹੈ। ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ਖੇਮਕਰਨ ਨੇੜੇ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਡਰੋਨ ਸਮੇਤ ਬਰਾਮਦ ਕੀਤੀ ਗਈ, ਜਿਸ ਦਾ ਵਜ਼ਨ 4 ਕਿੱਲੋ ਦੱਸਿਆ ਜਾ ਰਿਹਾ ਹੈ।
ਸਰਹੱਦ ਕੋਲੋਂ ਮੁੜ ਨਾਪਾਕ ਡਰੋੋਨ ਬਰਾਮਦ, ਡਰੋਨ ਨਾਲ ਬੰਨ੍ਹ ਕੇ ਭੇਜੀ ਗਈ ਸੀ ਕਰੋੜਾਂ ਰੁਪਏ ਦੀ ਹੈਰੋਇਨ - ਚੀਨ ਵਿੱਚ ਬਣਿਆ ਹੈਕਸਾ ਕਾਪਟਰ ਡਰੋਨ
ਤਰਨਤਾਰਨ ਦੇ ਸਰਹੱਦੀ ਇਲਾਕੇ ਖੇਮਕਰਨ ਵਿੱਚ ਪੁਲਿਸ ਅਤੇ ਬੀਐੱਸਐੱਫ ਨੇ ਸਾਂਝਾ ਸਰਚ ਆਪਰੇਸ਼ਨ ਚਲਾ ਕੇ ਖੇਤਾਂ ਵਿੱਚੋਂ ਇੱਕ ਪਾਕਿਸਤਾਨ ਡਰੋਨ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਉਨ੍ਹਾਂ ਨੂੰ ਡਰੋਨ ਨਾਲ ਬੰਨ੍ਹ ਕੇ ਭੇਜੀ ਗਈ ਕਰੀਬ 4 ਕਿੱਲੋ ਹੈਰੋਇਨ ਵੀ ਬਰਾਮਦ ਹੋਈ ਹੈ।
ਡਰੋਨ ਅਤੇ ਹੈਰੇਇਨ ਖੇਤਾਂ ਵਿੱਚੋਂ ਬਰਾਮਦ: ਪੁਲਿਸ ਮੁਤਾਬਿਕ ਬੀਤੀ ਦੇਰ ਰਾਤ 9 ਵਜੇ ਦੇ ਕਰੀਬ ਤਰਨਤਾਰਨ ਦੇ ਕਸਬਾ ਖੇਮਕਰਨ ਦੇ ਅਧੀਨ ਪੈਂਦੇ ਬਾਰਡਰ ਦੇ ਪਿੰਡ ਕਲਸ ਨੇੜੇ ਡਰੋਨ ਦੀ ਹਰਕਤ ਸੁਣ ਕੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਬੋਹੜ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਕਲਸ ਦੇ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ। ਪੁਲਿਸ ਦੇ ਮੁਤਾਬਿਕ ਇਹ ਹੈਕਸਾ ਕਾਪਟਰ ਡਰੋਨ ਹੈ ਜੋ ਕਿ ਇੱਕ ਵੱਡਾ ਡਰੋਨ ਹੈ ਅਤੇ ਪੰਜ ਤੋਂ ਛੇ ਕਿੱਲੋ ਵਜ਼ਨ ਆਸਾਨੀ ਨਾਲ ਚੁੱਕ ਕੇ ਸਰਹੱਦ ਤੋਂ ਇੱਧਰ-ਉੱਧਰ ਲਿਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵੱਡ ਆਕਾਰੀ ਹੈਕਸਾ ਕਾਪਟਰ ਡਰੋਨ ਚੀਨ ਵਿੱਚ ਬਣਿਆ ਹੈ ਅਤੇ ਕਰੀਬ 4 ਕਿੱਲੋ ਹੈਰੋਇਨ ਇਸ ਡਰੋਨ ਕੋਲੋਂ ਬਰਾਮਦ ਹੋਈ। ਇਸ ਸਬੰਧੀ ਥਾਣਾ ਖੇਮਕਰਨ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਪਿਛਲੇ ਮਹੀਨੇਤਰਨਤਾਰਨ ਜ਼ਿਲ੍ਹੇ ਦੇ ਪਿੰਡ ਡਾਲ ਦੇ ਖੇਤਾਂ ਵਿੱਚੋਂ ਵੀ ਪਾਕਿਸਤਾਨੀ ਡਰੋਨ ਮਿਲਿਆ ਸੀ। ਜਾਣਕਾਰੀ ਮੁਤਾਬਿਕ ਇਹ ਪਾਕਿਸਤਾਨੀ ਡਰੋਨ ਪੁਲਿਸ ਅਤੇ ਬੀ.ਐੱਸ.ਐੱਫ. 103 ਬਟਾਲੀਅਨ ਧਰਮਨ ਚੌਕੀ ਦੀ ਸਾਂਝੀ ਕਾਰਵਾਈ ਕਰਦਿਆਂ ਬਰਾਮਦ ਹੋਇਆ ਸੀ। ਇਹ ਡਰੋਨ ਭਾਰਤ-ਪਾਕਿ ਸਰਹੱਦ ਦੇ ਪੂਰੇ ਪਿੰਡ ਦੇ ਚੜ੍ਹਦੇ ਪਾਸੇ ਤੋਂ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਭਾਰਤ ਅਤੇ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਸੈਕਟਰ ਖਾਲੜਾ ਦੇ ਪਿੰਡ ਡੱਲ ਵਿਖੇ ਕਿਸਾਨ ਕੁਲਵਿੰਦਰ ਸਿੰਘ ਦੀ ਜ਼ਮੀਨ ਵਿੱਚ ਡਿੱਗਿਆ ਹੋਇਆ ਨਾਪਾਕ ਡਰੋਨ ਮਿਲਿਆ। ਡਰੋਨ ਮਿਲਣ ਤੋਂ ਬਾਅਦ ਪੁਲਿਸ ਅਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁੰਹਿਮ ਚਲਾਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਮੁਹਿੰਮ ਦੌਰਾਨ ਹੋਰ ਵੀ ਬਰਾਮਦਗੀਆਂ ਹੋਣ ਦੀ ਉਮੀਦ ਹੈ। ।