ਤਰਨਤਾਰਨ:ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਸਿੰਘ ਦੀ ਇਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਲਖਬੀਰ ਸਿੰਘ ਵੱਲੋਂ ਇਕ ਮੋਬਾਇਲ ਨੰਬਰ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਲਖਬੀਰ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੂੰ ਤੀਹ ਹਜ਼ਾਰ ਰੁਪਏ ਦੇ ਕੇ ਉਸ ਵਿਅਕਤੀ ਵੱਲੋਂ ਉਸ ਨੂੰ ਸਿੰਘੂ ਬਾਰਡਰ ‘ਤੇ ਭੇਜਿਆ ਗਿਆ ਸੀ। ਇਸ ਮਸਲੇ ਦੇ ਭਖਣ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਵੱਲੋਂ ਨੰਬਰ ਦੀ ਪੜਤਾਲ ਕਰਦੇ ਹੋਏ ਪਿੰਡ ਹਵੇਲੀਆਂ ਜ਼ਿਲ੍ਹਾ ਤਰਨਤਾਰਨ ਵਿਖੇ ਪਹੁੰਚੇ। ਇਸ ਦੌਰਾਨ ਨੰਬਰ ਚਲਾ ਰਹੇ ਵਿਅਕਤੀ ਪਰਗਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਹ ਜ਼ਰੂਰ ਮੰਨਿਆ ਕਿ ਲਖਬੀਰ ਸਿੰਘ ਉਸ ਕੋਲ ਸੀਰੀ ਦਾ ਕੰਮ ਕਰਦਾ ਸੀ ਅਤੇ ਦਸ ਦਿਨ ਪਹਿਲਾਂ ਹੀ ਲਖਬੀਰ ਸਿੰਘ ਉਨ੍ਹਾਂ ਦਾ ਕੰਮ ਛੱਡ ਕੇ ਇੱਥੋਂ ਚਲਾ ਗਿਆ ਹੈ।
ਪਰਗਟ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਛੇ ਮਹੀਨੇ ਤੋਂ ਉਨ੍ਹਾਂ ਦੇ ਘਰ ਵਿਚ ਕੰਮ ਕਰਦਾ ਆ ਰਿਹਾ ਹੈ ਅਤੇ ਲਖਵੀਰ ਸਿੰਘ ਨਸ਼ੇ ਪੱਤੇ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਵੀ ਪੈਸਾ ਲਖਬੀਰ ਸਿੰਘ ਨੂੰ ਉਨ੍ਹਾਂ ਵੱਲੋਂ ਨਹੀਂ ਦਿੱਤਾ ਗਿਆ ਉਨ੍ਹਾਂ ਤੇ ਇਹ ਗ਼ਲਤ ਇਲਜ਼ਾਮ ਲਾਏ ਜਾ ਰਹੇ ਹਨ ਕਿਉਂਕਿ ਲਖਬੀਰ ਸਿੰਘ ਨੂੰ ਉਨ੍ਹਾਂ ਦਾ ਮੋਬਾਇਲ ਨੰਬਰ ਇਸ ਕਰਕੇ ਯਾਦ ਸੀ ਕਿ ਲਖਬੀਰ ਸਿੰਘ ਆਪਣੀ ਭੈਣ ਨੂੰ ਅਕਸਰ ਹੀ ਉਨ੍ਹਾਂ ਦੇ ਇਸ ਨੰਬਰ ਤੋਂ ਫੋਨ ਕਰਦਾ ਰਹਿੰਦਾ ਸੀ ਅਤੇ ਕਿਸੇ ਵੀ ਰਿਸ਼ਤੇਦਾਰ ਨੂੰ ਉਨ੍ਹਾਂ ਦਾ ਹੀ ਮੋਬਾਇਲ ਨੰਬਰ ਦਿੰਦਾ ਸੀ।