ਤਰਨਤਾਰਨ: ਸ਼ਹਿਰ ਵਿੱਚ ਔਰਤ ਕੋਲੋਂ ਪਰਸ ਖੋਹ ਕੇ ਭੱਜ ਰਹੇ ਲੁਟੇਰੇ ਦੀ ਲੋਕਾਂ ਵਲੋਂ ਛਿੱਤਰ ਪਰੇਡ ਕਰ ਪੁਲਿਸ ਹਵਾਲੇ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਪੁਲਿਸ ਵੱਲੋਂ ਲੁਟੇਰੇ ਅਤੇ ਉਸ ਦੇ ਸਾਥੀ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਤੇ ਦਿਨ ਤਰਨਤਾਰਨ ਦੇ ਪੁਰਾਣਾ ਸਿਟੀ ਥਾਣੇ ਨੇੜੇ ਮੋਟਰ ਸਾਇਕਲ ਸਵਾਰ ਲੁਟੇਰੇ ਔਰਤ ਦਾ ਪਰਸ ਖੋਹ ਕੇ ਭੱਜਣ ਲੱਗੇ ਤਾਂ ਔਰਤ ਵੱਲੋਂ ਲੁਟੇਰੇ ਨੂੰ ਧੱਕਾ ਮਾਰਨ 'ਤੇ ਉਹ ਥੱਲੇ ਡਿੱਗ ਪਿਆ ਅਤੇ ਔਰਤ ਵੱਲੋਂ ਰੌਲਾ ਪਾਉਣ 'ਤੇ ਲੋਕਾਂ ਵੱਲੋਂ ਉਨ੍ਹਾਂ ਲੁਟੇਰਿਆਂ ਦੀ ਛਿੱਤਰ ਪਰੇਡ ਕੀਤੀ ਗਈ ਅਤੇ ਪੁਲਿਸ ਹਵਾਲੇ ਕਰ ਦਿੱਤੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਅਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਲੁਟੇਰਿਆ ਦੀ ਪਛਾਣ ਬਲਜੀਤ ਸਿੰਘ ਉਰਫ ਬਿੱਲਾ ਅਤੇ ਸਵਿੰਦਰ ਸਿੰਘ ਵਾਸੀ ਜਵੰਦਾ ਕਲਾਂ ਵਜੋਂ ਹੋਈ ਹੈ। ਥਾਣਾ ਸ਼ਹਿਰੀ ਦੇ ਐੱਸ.ਐਚ.ਓ ਗੁਰਚਰਨ ਸਿੰਘ ਨੇ ਦੱਸਿਆ ਕਿ ਰਾਜਵੰਤ ਕੌਰ ਰੱਜੀ ਵਾਸੀ ਕੱਲਾ ਦਰਬਾਰ ਸਾਹਿਬ ਮੱਥਾ ਟੇਕ ਕੇ ਪਿੰਡ ਜਾਣ ਲਈ ਆਟੋ ਲੈਣ ਲਈ ਜਾ ਰਹੀ ਸੀ ਕਿ ਦੋ ਮੋਟਰ ਸਾਇਕਲ ਲੁਟੇਰਿਆਂ ਵਲੋਂ ਹੱਥ ਵਿੱਚੋ ਲਫਾਫਾ ਖੋਹ ਲਿਆ ਜਿਸ ਵਿਚ ਨਕਦੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।
ਇਹ ਵੀ ਪੜੋ: ਭਾਜਪਾ ਨੇ ਅਕਾਲੀਆਂ ਨਾਲ ਤੋੜੀ ਯਾਰੀ, ਇਕੱਲਿਆਂ ਚੋਣ ਲੜਨ ਦਾ ਲਿਆ ਫ਼ੈਸਲਾ
ਔਰਤ ਵਲੋਂ ਮੋਟਰ ਸਾਇਕਲ ਸਵਾਰ ਨੂੰ ਧੱਕਾ ਮਾਰਨ 'ਤੇ ਹੇਠਾਂ ਡਿੱਗ ਪਿਆ ਅਤੇ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਐੱਸ.ਐਚ.ਓ ਨੇ ਦੱਸਿਆ ਕਿ ਉਨ੍ਹਾਂ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।