ਤਰਨਤਾਰਨ:ਜ਼ਿਲ੍ਹੇ ਦੇਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬੈਂਕਾ ਵਿਖੇ ਇਕ ਗੁਰੂਘਰ ਦੇ ਪਾਠੀ ਸਿੰਘ ਦੀ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰੂਘਰ ਦੇ ਪਾਠੀ ਸਿੰਘ ਕੁੱਟਮਾਰ ਦੇ ਦੌਰਾਨ ਬਾਂਹ ਤੋੜੀ, ਉਸਦੇ ਕਕਾਰਾਂ ਦੀ ਬੇਅਦਬੀ ਅਤੇ ਦਸਤਾਰ ਲਾਹ ਕੇ ਬੇਅਦਬੀ ਵੀ ਕੀਤੀ ਗਈ।
ਪੀੜਤ ਨੇ ਦੱਸੀ ਹੱਡਬੀਤੀ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਾਠੀ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਾਠੀ ਸਿੰਘ ਹੈ ਅਤੇ ਸਵੇਰ ਸਮੇਂ ਉਹ ਆਪਣੀ ਡਿਊਟੀ ਪੂਰੀ ਕਰਕੇ ਪਿੰਡ ਬੈਂਕੇ ਆਇਆ ਸੀ ਅਤੇ ਜਦ ਉਹ ਆਪਣੀ ਜ਼ਮੀਨ ਵਿੱਚ ਗਿਆ ਤਾਂ ਪਿੰਡ ਦੇ ਹੀ ਰਹਿਣ ਵਾਲੇ ਨਿਸ਼ਾਨ ਸਿੰਘ ਅਤੇ ਨਿਰਵੈਲ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ ਅਤੇ ਕਈ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਦੌਰਾਨ ਉਸਦੇ ਕਕਾਰਾਂ ਦੀ ਵੀ ਉਕਤ ਵਿਅਕਤੀਆਂ ਨੇ ਬੇਅਦਬੀ ਕੀਤੀ ਅਤੇ ਉਸ ਦੀ ਦਸਤਾਰ ਵੀ ਲਾਹ ਦਿੱਤੀ।
ਇਹ ਸੀ ਪੂਰਾ ਮਾਮਲਾ: ਪੀੜਤ ਵਿਅਕਤੀ ਬੋਹੜ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪੈਂਤੀ ਸਾਲ ਪਹਿਲਾਂ ਜ਼ਮੀਨ ਇੱਕ ਕਿੱਲਾ ਮੁੱਲ ਲਈ ਹੋਈ ਸੀ ਜਿਸ ਉੱਤੇ ਨਿਸ਼ਾਨ ਸਿੰਘ ਅਤੇ ਨਿਰਵੈਲ ਸਿੰਘ ਆਪਣੀ ਦੱਸਦੇ ਹੋਏ ਜਾਅਲੀ ਰਜਿਸਟਰੀ ਬਣਾ ਕੇ ਉਸ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦੇਣ ਤੋਂ ਬਾਅਦ ਉਕਤ ਵਿਅਕਤੀਆਂ ਉੱਤੇ 420 ਦਾ ਥਾਣਾ ਭਿੱਖੀਵਿੰਡ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੀਆਂ ਜ਼ਮਾਨਤਾਂ ਅਜੇ ਤੱਕ ਨਹੀਂ ਹੋਈਆਂ।
ਜ਼ਮੀਨ ਨੂੰ ਲੈ ਕੇ ਸੀ ਝਗੜਾ:ਪੀੜਤ ਬੋਹੜ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਆਪਣੀ ਜ਼ਮੀਨ ਵਿੱਚ ਗੇੜਾ ਮਾਰਨ ਗਿਆ ਤਾਂ ਉਕਤ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਲਾ ਦਿੱਤੀਆਂ ਅਤੇ ਉਸ ਦੇ ਗਲ ਪਾਏ ਹੋਏ ਕਕਾਰਾਂ ਸਾਹਿਬ ਦੀ ਵੀ ਬੇਅਦਬੀ ਕੀਤੀ ਅਤੇ ਉਸ ਦੀ ਦਸਤਾਰ ਲਾਹ ਕੇ ਵੀ ਉਸ ਦੀ ਬੇਅਦਬੀ ਕੀਤੀ ਹੈ।