ਤਰਨਤਾਰਨ :ਪਾਕਿਸਤਾਨ ਵੱਲੋਂ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਆਏ ਦਿਨ ਡਰੋਨਾਂ ਜ਼ਰੀਏ ਭਾਰਤ ਵਿਚ ਹਥਿਆਰ ਤੇ ਨਸ਼ਾ ਭੇਜਿਆ ਜਾਂਦਾ ਹੈ, ਪਰ ਹਰ ਵਾਰ ਭਾਰਤੀ ਫੌਜ ਦੇ ਜੁਝਾਰੂ ਜਵਾਨ ਪਾਕਿਸਤਾਨ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ। ਫੌਜ ਵੱਲੋਂ ਚੌਕਸੀ ਨਾਲ ਹਰ ਵਾਰ ਦੁਸ਼ਮਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰਦਿਆਂ ਡਰੋਨ ਸੁੱਟੇ ਜਾਂਦੇ ਰਹੇ ਹਨ। ਇਸੇ ਤਰ੍ਹਾਂ ਬੀਤੀ ਰਾਤ ਫਿਰ ਤਰਨਤਾਰਨ ਵਿਖੇ ਪਾਕਿਸਤਾਨੀ ਡਰੋਨ ਦੀ ਹਲਚਲ ਸੁਣਦਿਆਂ ਹੀ ਫੌਜ ਨੇ ਕਾਰਵਾਈ ਕਰਦਿਆਂ ਕਰੀਬ 23 ਰਾਊਂਡ ਫਾਇਰ ਕੀਤੇ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੀ ਬੀਓਪੀ ਚੌਕੀ ਕੱਲ੍ਹ ਦੇਰ ਰਾਤ ਬੀਐਸਐਫ ਦੀ 103 ਬਟਾਲੀਅਨ ਅਮਰਕੋਟ ਵੱਲੋਂ ਡਰੋਨ 'ਤੇ 23 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਇਹ ਡਰੋਨ ਮੁੜ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਫਿਲਹਾਲ ਬੀਐਸਐਫ ਦੀ 103ਵੀਂ ਬਟਾਲੀਅਨ ਵੱਲੋਂ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਕੱਲ੍ਹ ਵੀ ਸੁੱਟਿਆ ਸੀ ਡਰੋਨ : ਬੀਤੇ ਕੱਲ੍ਹ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਸ਼ਹਿਜ਼ਾਦਾ ਨੇੜੇ ਇਲਾਕੇ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਡਰੋਨ ਨੂੰ ਸੁੱਟਿਆ ਸੀ। ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਸੀ ਕਿ ਤੜਕੇ 02.11 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਫੋਰਸ ਨੇ ਪਿੰਡ ਸ਼ਹਿਜ਼ਾਦਾ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਨੇੜੇ ਦੇ ਇਲਾਕੇ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਸ਼ੱਕੀ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ।