ਤਰਨਤਾਰਨ: ਡੇਂਗੂ ਮੱਛਰ ਨੇ ਪੰਜਾਬ ਵਿੱਚ ਕਹਿਰ ਸ਼ੁਰੂ ਕਰ ਦਿੱਤਾ ਹੈ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਮੁਹੱਲਾ ਗੁਰੂ ਕਾ ਖੂਹ ਵਿਖੇ ਸਾਹਮਣੇ ਆਇਆ ਜਿੱਥੇ ਇੱਕ 32 ਸਾਲਾ ਨੌਜਵਾਨ ਦੀ ਡੇਂਗੂ ਕਰਕੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਮਰਨ ਵਾਲਾ ਨੌਜਵਾਨ ਅਮਰਜੋਤ ਸਿੰਘ ਪੁੱਤਰ ਮੰਗਤ ਰਾਮ ਸਿੰਘ ਵਾਸੀ ਤਰਨਤਾਰਨ ਹੈ। ਇਸ ਮੌਕੇ ਜਦ ਪੱਤਰਕਾਰਾਂ ਦੀ ਟੀਮ ਵੱਲੋਂ ਤਰਨਤਾਰਨ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜੋ ਲੋਕ ਤਰਨਤਾਰਨ ਦੇ ਕਸੂਰ ਨਾਲੇ ਕੋਲ ਰਹਿੰਦੇ ਹਨ ਉਹਨਾਂ ਦਾ ਹਾਲ ਕਾਫ਼ੀ ਮੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਈ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਹੀ।