ਤਰਨਤਾਰਨ:ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਝੁੱਗੀਆਂ ਕਾਲੂ ਵਿਖੇ ਵਿਆਹ ਸਮਾਗਮ ਦੌਰਾਨ ਅਤੇ ਭੰਗੜਾ ਪਾਉਂਦੇ ਸਮੇਂ ਨੌਜਵਾਨ ਨੂੰ ਗੋਲੀ ਲੱਗ ਗਈ। ਗੋਲੀ ਲੱਗਣ ਨਾਲ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਗੋਲੀ ਲੱਗਣ ਉੱਤੇ ਜਾਨ ਗਵਾਉਣ ਵਾਲਾ ਨੌਜਵਾਨ ਆਪਣੇ ਸਹੁਰੇ ਪਿੰਡ ਵਿਆਹ ਦੇਖਣ ਆਇਆ ਸੀ।
ਗੋਲੀਆਂ ਚਲਾਉਣ ਤੋਂ ਰੋਕ ਰਿਹਾ ਸੀ ਨੌਜਵਾਨ:ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਦੇ ਇੰਚਾਰਜ ਏ ਐਸ ਆਈ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਬਕਾ ਸਰਪੰਚ ਚਾਨਣ ਸਿੰਘ ਦੇ ਲੜਕੇ ਧਰਮ ਸਿੰਘ ਦਾ ਵਿਆਹ ਸੀ ਅਤੇ ਦੇਰ ਰਾਤ ਵਿਆਹ ਸਮਾਗਮ ਵਿੱਚ ਨੌਜਵਾਨ ਭੰਗੜਾ ਪਾ ਰਹੇ ਸਨ। ਇਸ ਦੌਰਾਨ ਸਾਬਕਾ ਸਰਪੰਚ ਚਾਨਣ ਸਿੰਘ ਦੀ ਸਾਲੀ ਦਾ ਲੜਕਾ ਰਵੀ ਜੋਕਿ ਮੋਗੇ ਤੋਂ ਵਿਆਹ ਵਿੱਚ ਆਇਆ ਹੋਇਆ ਸੀ। ਉਸ ਕੋਲ ਦਨਾਲੀ ਰਾਈਫਲ ਸੀ ਅਤੇ ਉਹ ਦਨਾਲੀ ਰਾਈਫਲ ਨਾਲ ਗੋਲੀਆਂ ਚਲਾਉਣ ਲੱਗ ਪਿਆ। ਇਸ ਦੌਰਾਨ ਰਵੀ ਨੂੰ ਗੋਲੀਆਂ ਚਲਾਉਣ ਤੋਂ ਰੋਕਣ ਲਈ ਸਾਬਕਾ ਸਰਪੰਚ ਚਾਨਣ ਸਿੰਘ ਦਾ ਜਵਾਈ ਗੁਰਦਿੱਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਨੌਸ਼ਹਿਰਾ ਪੰਨੂਆ ਜੋਕਿ ਆਪਣੇ ਸਹੁਰੇ ਵਿਆਹ ਸਮਾਗਮ ਵਿਚ ਆਇਆ ਹੋਇਆ ਸੀ ਤਾਂ ਉਸਨੇ ਰਵੀ ਨੂੰ ਗੋਲਿਆ ਚਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।