ਬਜ਼ੁਰਗ ਔਰਤ ਵੱਲੋਂ ਮਦਦ ਦੀ ਅਪੀਲ ਤਰਨ ਤਾਰਨ:ਕੁਝ ਹੀ ਦੂਰੀ ਉੱਤੇ ਪੈਂਦੇ ਪਿੰਡ ਸੁਲਤਾਨਵਿੰਡ ਵਿਖੇ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੂਹ ਕੰਡੇ ਖੜੇ ਹੋ ਜਾਣਗੇ। ਇਸ ਪਿੰਡ ਵਿੱਚ ਰਹਿੰਦੀ 80 ਸਾਲਾਂ ਬਜ਼ੁਰਗ ਔਰਤ ਸ਼ਿੰਦੋ ਕੌਰ ਨੇ ਭਰੇ ਮਨ ਨਾਲ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਉਸ ਦੀਆਂ ਦੋ ਲੜਕੀਆਂ ਹਨ ਅਤੇ ਇੱਕ ਲੜਕਾ ਸੀ। ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਸੀ। ਫਿਰ ਉਨ੍ਹਾਂ ਨੇ ਆਪਣੀਆਂ ਦੋਵੇਂ ਲੜਕੀਆਂ ਦੂਰ ਦੁਰਾਡੇ ਵਿਆਹ ਦਿੱਤੀਆਂ ਅਤੇ ਉਨ੍ਹਾਂ ਨੇ ਆਪਣੇ ਲੜਕੇ ਦਾ ਵੀ ਵਿਆਹ ਕਰ ਦਿੱਤਾ। ਉਸ ਦੇ ਦੋ ਪੋਤਰੇ ਵੀ ਹੋਏ। ਬਜ਼ੁਰਗ ਔਰਤ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਹੱਸਦੇ ਵੱਸਦੇ ਘਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਕਿ ਉਸ ਦੇ ਲੜਕੇ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਅਤੇ ਇਸੇ ਗ਼ਮ ਨੂੰ ਨਾ ਸਹਾਰਦੇ ਹੋਏ ਉਸ ਦੇ ਪਤੀ ਦੀ ਵੀ ਕੁੱਝ ਸਾਲਾਂ ਬਾਅਦ ਮੌਤ ਹੋ ਗਈ।
ਪੁੱਤ-ਪਤੀ ਤੋਂ ਬਾਅਦ ਨੂੰਹ ਨੇ ਵੀ ਛੱਡਿਆ ਸਾਥ:ਇਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਗਏ ਕਿ ਉਹ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋ ਕੇ ਬੈਠ ਗਏ ਅਤੇ ਆਪਣੇ ਪੋਤਰਿਆਂ ਦਾ ਢਿੱਡ ਭਰਨ ਲਈ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਪਈ। ਅਚਾਨਕ ਉਸ ਦੀ ਨਿਗ੍ਹਾ ਵੀ ਬਹੁਤ ਘੱਟ ਗਈ ਜਿਸ ਕਾਰਨ ਉਸ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਸੇ ਚੀਜ਼ ਨੂੰ ਵੇਖਦੇ ਹੋਏ ਉਸ ਦੀ ਨੂੰਹ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਅਤੇ ਪੋਤਰੇ ਉਸ ਦੇ ਕੋਲ ਹੀ ਰਹਿਣ ਦਿੱਤੇ।
2 ਪੋਤਰਿਆਂ ਨੂੰ ਪਾਲ ਰਹੀ ਬਜ਼ੁਰਗ, ਹੁਣ ਘਰ ਦੀ ਛੱਤ ਵੀ ਡਿੱਗਣ ਕੰਢੇ:ਬਜ਼ੁਰਗ ਔਰਤ ਨੇ ਦੱਸਿਆ ਕੀ ਉਹ ਆਪਣੇ ਦੋਨਾਂ ਪੋਤਰਿਆਂ ਨਾਲ ਇਸੇ ਘਰ ਵਿੱਚ ਰਹਿੰਦੀ ਸੀ ਅਤੇ ਉਹ ਲੋਕਾਂ ਦੇ ਘਰਾਂ ਵਿੱਚ ਰੋਟੀ ਮੰਗ ਕੇ ਲਿਆ ਕੇ ਆਪਣੇ ਪੋਤਰਿਆਂ ਦਾ ਢਿੱਡ ਪਾਲ ਰਹੀ ਹੈ। ਇਸ ਦੌਰਾਨ ਹੋਈ ਭਾਰੀ ਬਾਰਿਸ਼ ਨੇ ਉਸ ਦੇ ਘਰ ਦੀ ਛੱਤ ਵੀ ਡਿੱਗਣ ਵਾਲੀ ਹੈ। ਘਰ ਵਿੱਚ ਜੋ ਵੀ ਸਾਮਾਨ ਸੀ ਸਾਰਾ ਕੁਝ ਹੀ ਖ਼ਰਾਬ ਹੋ ਗਿਆ। ਇਸ ਦੌਰਾਨ ਬਿਜਲੀ ਵਾਲਿਆਂ ਨੇ ਉਨ੍ਹਾਂ ਦਾ ਮੀਟਰ ਵੀ ਉਤਾਰ ਲਿਆ, ਕਿਉਂਕਿ ਬਿਜਲੀ ਦਾ ਬਿੱਲ ਬਹੁਤ ਜਿਆਦਾ ਜੁੜਿਆ ਹੋਇਆ ਸੀ।
ਬੇਹੱਦ ਤਰਸਯੋਗ ਹਾਲਾਤ:ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਹੁਣ ਨਾ ਘਰ ਵਿੱਚ ਕੋਈ ਪੱਖਾ ਹੈ। ਗਰਮੀ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਹੈ। ਨਾ ਘਰ ਵਿੱਚ ਸਿਲੰਡਰ ਹੈ। ਜਿਸ ਬਾਲਣ ਨਾਲ ਉਹ ਆਪਣੇ ਚੁੱਲ੍ਹੇ ਉੱਤੇ ਰੋਟੀ ਲਾਉਂਦੇ ਸਨ, ਉਹ ਵੀ ਬਾਲਣ ਗਿੱਲਾ ਹੋ ਚੁੱਕਾ ਹੈ। ਨਾ ਹੀ ਘਰ ਵਿੱਚ ਕੋਈ ਮੋਟਰ ਅਤੇ ਪਾਣੀ ਹੈ ਅਤੇ ਉਹ ਲੋਕਾਂ ਦੇ ਘਰਾਂ ਵਿਚੋਂ ਹੀ ਪਾਣੀ ਲਿਆ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੇ ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਉਸ ਨੇ ਆਪਣੇ ਦੋਵੇਂ ਪੋਤਰੇ ਆਪਣੀਆਂ ਲੜਕੀਆਂ ਕੋਲ ਭੇਜ ਦਿੱਤੇ ਹਨ ਅਤੇ ਆਪ ਵਰ੍ਹਦੇ ਮੀਂਹ ਵਿੱਚ ਡਿੱਗੀ ਛੱਤ ਹੇਠ ਮੌਤ ਦੇ ਸਾਏ ਵਿੱਚ ਆਪਣੇ ਘਰ 'ਚ ਗੁਜ਼ਾਰਾ ਕਰ ਰਹੀ ਹੈ।
ਦਾਨੀ-ਸੱਜਣਾਂ ਕੋਲੋਂ ਮਦਦ ਦੀ ਅਪੀਲ:ਪੀੜਤ ਬਜ਼ੁਰਗ ਔਰਤ ਦੀ ਲੜਕੀ ਕਾਂਤਾ ਕੌਰ ਅਤੇ ਗੁਆਂਢ ਵਿੱਚ ਰਹਿੰਦੀ ਰਾਜਬੀਰ ਕੌਰ ਨੇ ਅਤੇ ਮਾਤਾ ਸ਼ਿੰਦੋ ਕੌਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ। ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਬਜ਼ੁਰਗ ਹਾਲਤ ਵਿੱਚ ਸਹੀ ਤਰੀਕੇ ਨਾਲ ਚਲਾ ਸਕੇ। ਜੇ ਕੋਈ ਦਾਨੀ ਸੱਜਣ ਇਸ ਬਜ਼ੁਰਗ ਔਰਤ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਬਜ਼ੁਰਗ ਔਰਤ ਦਾ ਮੋਬਾਇਲ ਨੰਬਰ 8437291964 ਹੈ।