ਤਰਨ ਤਾਰਨ: ਥਾਣਾ ਕੱਚਾ-ਪੱਕਾ ਅਧੀਨ ਆਉਂਦੇ ਪਿੰਡ ਮੱਖੀ ਕਲਾਂ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਦਾਹੜੀ ਦੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮੱਖੀ ਕਲਾਂ ਵਾਸੀ ਨਿਰਮਲ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦਰਖ਼ਾਸਤ ਵਿੱਚ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਸ਼ਹੀਦ ਮੱਖੀ ਕਲਾਂ ਵਿਖੇ ਦੇਖ-ਰੇਖ ਅਤੇ ਗ੍ਰੰਥੀ ਵਜੋਂ ਸੇਵਾ ਕਰਦਾ ਹੈ। ਗੁਆਂਢ ਵਿੱਚ ਰਹਿੰਦੇ ਮੇਰੇ ਭਰਾ ਨਾਲ ਮੇਰਾ ਗਲੀ ਵਿੱਚ ਬਣਾਈ ਪਾਰਕ ਕਰਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਮੇਰੇ ਭਰਾ ਦੇ ਮੁੰਡਿਆਂ ਗੁਰਸਾਹਿਬ ਸਿੰਘ, ਦੁਪਿੰਦਰ ਸਿੰਘ ਅਤੇ ਪਲਵਿੰਦਰ ਕੌਰ ਪਤਨੀ ਦੁਪਿੰਦਰ ਸਿੰਘ ਨੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਕੇਸ ਤੇ ਦਾਹੜੇ ਦੀ ਬੇਅਦਬੀ ਕੀਤੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਮਿਲਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿੱਖੀਵਿੰਡ ਦੇ ਸਰਕਲ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ, ਭਾਈ ਸੁੱਖਪਾਲ ਸਿੰਘ ਅਲਗੋ ਨੇ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਕਤ ਬੰਦੇ ਦੋਸ਼ੀ ਪਾਏ ਗਏ ਤਾਂ ਧਾਰਮਿਕ ਸਜ਼ਾ ਲਗਾ ਕੇ ਨਿਰਮਲ ਸਿੰਘ ਨੂੰ ਇਨਸਾਫ਼ ਦਵਾਇਆ ਜਾਵੇਗਾ।