ਤਰਨਤਾਰਨ: ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸੇਰੋਂ ਵਿਖੇ ਬੀਤੇ ਕੁਝ ਦਿਨ ਪਹਿਲਾ ਨੌਜਵਾਨ ਦਾ ਬੜੀ ਹੀ ਬੇਰਹਿਮੀ ਨਾਲ ਅਗਵਾ ਕਰਨ ਤੋਂ ਬਾਅਦ ਕਰੰਟ ਲਗਾ ਲਗਾ ਕੇ ਅਤੇ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਖਾਨਾਪੂਰਤੀ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਥਾਣਾ ਸਰਹਾਲੀ ਵਿਖੇ 5 ਮੁਲਜ਼ਮਾਂ ਵਿਰੁੱਧ ਮਾਮਲਾ ਤਾਂ ਦਰਜ ਕਰ ਲਿਆ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਔਰਤਾਂ ਨੂੰ ਮੌਕੇ 'ਤੇ ਕਾਬੂ ਕੀਤਾ ਸੀ, ਪਰ ਪੁਲਿਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀਆਂ ਨੂੰ ਅਜੇ ਤੱਕ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਜੋ ਕਿ ਸ਼ਰੇਆਮ ਬਾਹਰ ਘੁੰਮ ਰਹੇ ਹਨ।
ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਪਰਿਵਾਰ ਨੂੰ ਪਾਰਟੀ ਆਗੂਆਂ ਕੋਲੋ ਇਨਸਾਫ ਨਹੀਂ ਮਿਲ ਰਿਹਾ ਹੈ। ਕਾਂਗਰਸੀ ਹਲਕਾ ਵਿਧਾਇਕ ਵਲੋਂ ਮੁਲਜ਼ਮਾਂ ਦੀ ਮਦਦ ਕਰਨ ਦੋਸ਼ ਲੱਗੇ ਹਨ। ਪਰਿਵਾਰ ਨੇ ਵਿਧਾਇਕ ਦੇ ਘਰ ਅੱਗੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਹੈ।
ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮਾਂ ਵਿੱਚ ਇਕ ਸੰਨੀ ਨਾਂ ਦਾ ਵਿਅਕਤੀ ਹੈ ਜੋ ਆਪਣੇ ਆਪ ਨੂੰ ਤਰਨ ਤਾਰਨ ਦੇ ਕਾਂਗਰਸੀ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਪ੍ਰਾਈਵੇਟ ਪੀਏ ਦੱਸਦਾ ਹੈ ਅਤੇ ਸਿਆਸੀ ਸ਼ਹਿ ਹੇਠ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੀ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਰਹੀ ਅਤੇ ਉਲਟਾ ਮੁਲਜ਼ਮ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਦੇ ਪਰਿਵਾਰਕ ਮੈਂਬਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸੰਬੰਧਿਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।