ਤਰਨਤਾਰਨ: ਘਰ ਦੇ ਮੁਖੀ ਤੋਂ ਬਿਨਾਂ ਇੱਕ ਔਰਤ ਅਤੇ ਧੀ ਲਈ ਜ਼ਿੰਦਗੀ ਗੁਜਾਰਨੀ ਕਿੰਨੀ ਮੁਸ਼ਕਿਲ ਹੋ ਜਾਂਦੀ ਹੈ, ਇਹ ਉਹ ਮਾਂ-ਧੀ ਹੀ ਜਾਣ ਸਕਦੀਆਂ ਹਨ ਜਿਨ੍ਹਾਂ ਨਾਲ ਇਹ ਵਾਪਰਿਆ ਹੋਵੇ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਦੇ ਪਿੰਡ ਡੱਲ ਵਿੱਚ ਵੀ ਇੱਕ ਮਾਂ-ਧੀ ਦੀ ਹਾਲਤ ਵੀ ਕੁੱਝ ਇਸ ਤਰ੍ਹਾਂ ਦੀ ਹੈ, ਜਿਨ੍ਹਾਂ ਕੋਲ ਨਾ ਤਾਂ ਕਮਾਈ ਦਾ ਕੋਈ ਸਾਧਨ ਹੈ ਅਤੇ ਨਾ ਹੀ ਹੁਣ ਕੋਈ ਸਹਾਇਤਾ ਕਰਨ ਵਾਲਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਕੌਰ ਨੇ ਦੱਸਿਆ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਚਾਨਣ ਸਿੰਘ ਦੀ ਮੌਤ ਤੋਂ ਬਾਅਦ ਮਾਂ-ਧੀ ਦੋ ਵਕਤ ਦੀ ਰੋਟੀ ਲਈ ਹੋਈਆਂ ਮੁਥਾਜ ਪੀੜਤ ਬਲਜਿੰਦਰ ਕੌਰ ਨੇ ਦੱਸਿਆ ਕਿ 2017 ਉਨ੍ਹਾਂ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਿਆ, ਜਦੋਂ ਉਸ ਦਾ ਘਰਵਾਲਾ ਚਾਨਣ ਸਿੰਘ ਮੰਦਿਰ ਵਿੱਚ ਮੱਥਾ ਟੇਕਣ ਗਿਆ ਸੀ ਪਰ ਉਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਨਣ ਸਿੰਘ ਦੇ ਜਾਣ ਪਿੱਛੋਂ ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ।
ਉਸ ਨੇ ਦੱਸਿਆ ਕਿ ਉਸ ਦੇ ਕੋਈ ਲੜਕਾ ਵੀ ਨਹੀਂ ਹੈ, ਜੋ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ। ਇੱਕ ਧੀ ਹੈ, ਜੋ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰ ਰਹੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਸਮਾਜ ਸੇਵੀ ਜਾਂ ਕੋਈ ਹੋਰ ਉਨ੍ਹਾਂ ਨੂੰ ਗੁਜਾਰੇ ਲਈ ਰਾਸ਼ਨ ਵਗੈਰਾ ਦੇ ਜਾਂਦੇ ਸਨ, ਪਰ ਲੌਕਡਾਊਨ ਉਪਰੰਤ ਕੋਈ ਵੀ ਕੁੱਝ ਦੇਣ ਨਹੀਂ ਆਇਆ। ਉਸ ਨੂੰ ਅਤੇ ਉਸ ਦੀ ਧੀ ਨੂੰ ਰੋਟੀ ਦੇ ਲਾਲ੍ਹੇ ਪੈ ਗਏ ਹਨ, ਕਈ ਵਾਰੀ ਇੱਕ ਟਾਈਮ ਰੋਟੀ ਵੀ ਨਸੀਬ ਨਹੀਂ ਹੁੰਦੀ।
ਪੀੜਤ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਖ਼ੁਦ ਵੀ ਬੀਮਾਰ ਰਹਿੰਦੀ ਹੈ। ਉਸ ਨੇ ਪੰਜਾਬ ਸਰਕਾਰ, ਸਮਾਜ ਸੇਵੀਆਂ ਅਤੇ ਐਨਆਰਆਈਜ਼ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਸ ਦੀ ਬੱਚੀ ਪੜ੍ਹ ਲਿਖ ਜਾਵੇ।