ਤਰਨਤਾਰਨ: ਪਿੰਡ ਖਾਰਾ ਦੀ ਮਾਈਨਰ ਨਹਿਰ ਵਿਚ ਪਾੜ ਪੈ ਜਾਣ ਕਰਕੇ ਹਰ ਸਾਲ ਕਿਸਾਨਾਂ ਦੀ ਫ਼ਸਲ ਬਰਬਾਦ ਹੁੰਦੀ ਹੈ। ਇਸ ਵਾਰ ਵੀ ਨਹਿਰ ਟੁੱਟਣ ਕਾਰਨ ਪਿੰਡ ਖਾਰਾ, ਬਿੱਲਿਆਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਫ਼ਸਲ ਬਰਬਾਦ ਹੋ ਗਈ ਹੈ।
ਪਿੰਡ ਦੇ ਸਰਪੰਚ ਸਵਰਨ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਨ ਪਰ ਕੋਈ ਸਾਰ ਲੈਣ ਨਹੀਂ ਆਉਂਦਾ। ਦੋ ਸਾਲ ਪਹਿਲਾਂ ਮੌਜੂਦਾ ਡੀ ਸੀ ਪ੍ਰਦੀਪ ਕੁਮਾਰ ਮੌਕਾ ਦੇਖਣ ਆਏ ਸਨ ਅਤੇ ਉਨ੍ਹਾਂ 40 ਲੱਖ ਦੀ ਗ੍ਰਾਂਟ ਦੇ ਕੇ ਨਹਿਰ ਦੀ ਸਾਫ਼ ਸਫ਼ਾਈ ਦਾ ਭਰੋਸਾ ਦਿਵਾਇਆ ਸੀ ਪਰ ਨਾ ਪੈਸੇ ਆਏ ਤੇ ਨਾ ਸਾਫ਼-ਸਫ਼ਾਈ ਹੋਈ।
ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਸਾਰੀ ਡੁੱਬ ਗਈ ਤੇ ਪਸ਼ੂਆਂ ਦਾ ਚਾਰਾ ਵੀ ਡੁੱਬ ਗਿਆ। ਹੁਣ ਉਨ੍ਹਾਂ ਨੂੰ ਝੋਨੇ ਦੀ ਪਨੀਰੀ, ਝੋਨੇ ਬਿਜਾਈ ਦੁਬਾਰਾ ਕਰਨੀ ਪੈਣੀ ਹੈ। ਉਨ੍ਹਾਂ ਕਿਹਾ ਕਿ ਜੇ 10 ਦਿਨਾਂ 'ਚ ਇਸ ਨਹਿਰ ਦੀ ਸਫ਼ਾਈ ਨਾ ਹੋਈ ਤਾਂ ਉਹ ਖੁਦਕਸ਼ੀ ਕਰਨ ਲਈ ਮਜਬੂਰ ਹੋ ਜਾਣਗੇ।
ਮੌਕੇ 'ਤੇ ਪੁੱਜੇ ਨਹਿਰ ਮਹਿਕਮੇ ਦੇ ਜੇ.ਈ ਜਗਦੀਪ ਸਿੰਘ ਨੇ ਕਿਹਾ ਕਿ ਇਸ ਨਹਿਰ ਦੀ ਸਫ਼ਾਈ ਲਈ ਕਾਫੀ ਫੰਡ ਦੀ ਲੋੜ ਹੈ ਪਰ ਮਹਿਕਮਾ ਫੰਡ ਜਾਰੀ ਨਹੀਂ ਕਰ ਰਿਹਾ ਜਿਸ ਕਰਕੇ ਇਸ ਨਹਿਰ ਦੀ ਸਫ਼ਾਈ ਨਹੀਂ ਹੋ ਰਹੀ। ਉਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਕਿਹਾ ਕਿ ਕਿਸਾਨ ਆਪਣੇ ਨੁਕਸਾਨ ਦਾ ਮੁਆਵਜ਼ਾ ਮਾਲ ਮਹਿਕਮੇ ਕੋਲ ਲੈਣ।