ਪ੍ਰਦਰਸ਼ਨਕਾਰੀ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨ ਤਾਰਨ: ਪੰਜਾਬ ਦੀ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਉਨ੍ਹਾਂ ਦੀ ਸਰਕਾਰ 'ਚ ਕੋਈ ਧਰਨਾ ਨਹੀਂ ਲੱਗੇਗਾ ਪਰ ਇਸ ਦੇ ਉਲਟ ਭਗਵੰਤ ਮਾਨ ਸਰਕਾਰ 'ਚ ਧਰਨਿਆਂ ਦਾ ਦੌਰ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਕਿਤੇ ਅਧਿਆਪਕ ਧਰਨੇ ਲਾ ਰਹੇ ਤਾਂ ਕਿਤੇ ਕਿਸਾਨ ਸੜਕਾਂ ਤੇ ਰੇਲਾਂ ਰੋਕਣ ਲਈ ਮਜ਼ਬੂਰ ਹੋਏ ਹਨ। ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦਾ ਧਰਨਾ ਪ੍ਰਦਰਸ਼ਨ ਵੀ ਸਰਕਾਰ ਖਿਲਾਫ਼ ਜਾਰੀ ਹੈ।
ਪ੍ਰਦਰਸ਼ਨਕਾਰੀਆਂ ਦੀ ਇਹ ਨੇ ਮੰਗਾਂ: ਇਸ ਧਰਨੇ ਨੂੰ ਲੈਕੇ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋ ਸਰਕਾਰੀ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਜਿਵੇ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਤੇ ਆਊਟ ਸੌਰਸ ਮੁਲਾਜਮ ਪੱਕੇ ਕਰਨ, ਬਕਾਇਆ ਡੀ.ਏ. ਦੀਆਂ ਕਿਸਤਾਂ, 15.01.2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਅਤੇ ਭੱਤਿਆ ਦੀ ਅਦਾਇਗੀ ਕਰਨਾ, 17.07.2020 ਨੂੰ ਜਾਰੀ ਪੱਤਰ ਦੇ ਅਨੁਸਾਰ ਕੇਂਦਰੀ ਪੈਟਰਨ 'ਤੇ ਨਵੀਂ ਭਰਤੀ ਕਰਨ ਦਾ ਪੱਤਰ ਰੱਦ ਕਰਨਾ ਅਤੇ 04—09—14 ਏ.ਸੀ.ਪੀ. ਸਕੀਮ ਬਹਾਲ ਕਰਨਾ ਆਦਿ ਮੰਗਾਂ ਸ਼ਾਮਲ ਸੀ।
ਸਰਕਾਰ ਖਿਲਾਫ਼ ਕੀਤਾ ਜਾ ਰਿਹਾ ਪ੍ਰਦਰਸ਼ਨ: ਇਸ 'ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਾ ਦੇਣ ਕਾਰਣ, ਸੂਬਾ ਬਾਡੀ ਵੱਲੋਂ 8 ਦਸੰਬਰ ਨੂੰ ਦਿੱਤੇ ਗਏ ਐਕਸ਼ਨ ਦੀ ਲਗਤਾਰਤਾ ਵਿੱਚ ਪੀ.ਐਸ.ਐਮ.ਐਸ.ਯੂ ਦੀ ਕੋਰ ਕਮੇਟੀ ਵੱਲੋਂ 11 ਦਸੰਬਰ ਨੂੰ ਕੀਤੀ ਗਈ ਮੀਟਿੰਗ ਰਾਹੀਂ ਐਕਸ਼ਨ ਦਿੱਤਾ ਗਿਆ ਹੈ ਕਿ 12 ਅਤੇ 13 ਦਸੰਬਰ ਨੂੰ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਹੜਤਾਲ ਕਰਦੇ ਹੋਏ 14 ਅਤੇ 15 ਦਸੰਬਰ ਤੱਕ ਸਮੁੱਚਾ ਮਨਿਸਟਰੀਅਲ ਸਟਾਫ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ਲੈਣਗੇ।
ਪਿਛਲੇ ਇੱਕ ਮਹੀਨੇ ਤੋਂ ਸੰਘਰਸ਼ ਜਾਰੀ: ਜੱਥੇਬੰਦੀ ਦੇ ਐਕਸ਼ਨ ਮੁਤਾਬਿਕ ਜਿਲ੍ਹਾ ਤਰਨ ਤਾਰਨ ਵਿੱਚ 12 ਦਸੰਬਰ ਨੂੰ ਸੰਘਰਸ਼ ਦੇ 35ਵੇਂ ਦਿਨ ਵੀ ਜ਼ਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆਂ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਦਫਤਰਾਂ ਨੂੰ ਤਾਲੇ ਲਗਾਉਂਦੇ ਹੋਏ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਦੇ ਬਾਹਰ ਇਕੱਠੇ ਹੋ ਕੇ ਸਰਕਾਰ ਅਤੇ ਵਿੱਤ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ 'ਤੇ ਵੱਖ-ਵੱਖ ਆਗੂਆਂ ਅਤੇ ਬੁਲਾਰਿਆਂ ਵੱਲੋਂ ਮੁਲਾਜ਼ਮਾਂ ਨੂੰ ਮੰਗਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਦੱਸਿਆ ਗਿਆ।
ਮੰਗਾਂ ਨਾ ਮੰਨੀਆਂ ਤਾਂ ਵੱਡੇ ਐਕਸ਼ਨ ਦੀ ਚਿਤਾਵਨੀ:ਇਸ ਮੌਕੇ ਬੋਲਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਉਹ ਪਿਛਲੇ 34 ਦਿਨਾਂ ਤੋਂ ਪੰਜਾਬ ਦੇ ਸਮੁੱਚੇ ਦਫ਼ਤਰੀ ਕਾਮੇ ਹੜਤਾਲ 'ਤੇ ਹਨ ਅਤੇ ਜੱਥੇਬੰਦੀ ਦੇ ਐਕਸ਼ਨ ਮੁਤਾਬਿਕ 12 ਅਤੇ 13 ਦਸੰਬਰ ਨੂੰ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਹੜਤਾਲ ਕਰਨਗੇ ਅਤੇ 14 ਤੇ 15 ਦਸੰਬਰ ਤੱਕ ਸਮੁੱਚਾ ਮਨਿਸਟਰੀਅਲ ਸਟਾਫ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕਰਦੇ ਹੋਏ ਸਮੂਹਿਕ ਛੁੱਟੀ ਲੈਣ ਦੇ ਐਕਸ਼ਨ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਸੂਬਾ ਕਮੇਟੀ ਵੱਲੋਂ 16 ਦਸੰਬਰ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ, ਜੋ ਮੰਗਾਂ ਪੂਰੀਆ ਨਾ ਹੋਣ ਤੱਕ ਜਾਰੀ ਰਹੇਗਾ।