ਤਰਨ ਤਾਰਨ: ਪੁਲਵਾਮਾ 'ਚ ਸੀਆਰਪੀਐਫ ਦੇ ਕਾਫਿਲੇ 'ਤੇ ਹੋਏ ਹਮਲੇ ਨੂੰ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ ਪਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਅੱਜ ਵੀ ਇਹੀ ਵਿਸ਼ਵਾਸ ਕਰਨਾ ਔਖਾ ਹੈ ਕਿ ਉਨ੍ਹਾਂ ਦੇ ਬੱਚੇ ਇਸ ਦੁਨੀਆਂ ਤੋਂ ਜਾ ਚੁੱਕੇ ਹਨ।
ਪੁਲਵਾਮਾ ਹਮਲੇ 'ਚ ਤਰਨਤਾਰਨ ਦੇ ਪਿੰਡ ਗੰਡੀਵਿੰਡ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਵੀ ਸ਼ਹੀਦ ਹੋ ਗਏ ਸਨ। ਸੁਖਜਿੰਦਰ ਦੇ ਪਰਿਵਾਰ 'ਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਭਰਾ, ਪਤਨੀ ਤੇ ਇੱਕ ਡੇਢ ਸਾਲ ਦਾ ਬੱਚਾ ਹੈ ਜੋ ਸੁਖਜਿੰਦਰ ਦੀ ਸ਼ਹੀਦੀ ਵੇਲੇ ਸਿਰਫ਼ ਛੇ ਮਹੀਨਿਆਂ ਦਾ ਸੀ।
ਸੁਖਜਿੰਦਰ ਦੀ ਸ਼ਹੀਦੀ ਪਿੱਛੋਂ ਪੰਜਾਬ ਸਰਕਾਰ ਨੇ 5 ਲੱਖ ਰੁਪਏ ਦਾ ਚੈੱਕ ਦਿੱਤਾ, ਸਥਾਨਕ ਸਿਆਸਤਦਾਨਾਂ ਨੇ ਵੀ ਵਿੱਤੀ ਸਹਾਇਤਾ ਕੀਤੀ ਪਰ ਸਰਕਾਰ ਨੇ ਸੁਖਜਿੰਦਰ ਦੀ ਪਤਨੀ ਜਾਂ ਭਰਾ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਤਨੀ ਨੂੰ ਚਾਰ ਦਰਜਾ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਪਰ ਬੱਚਾ ਛੋਟਾ ਹੋਣ ਕਾਰਨ ਉਨ੍ਹਾਂ ਨੌਕਰੀ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦੀ ਮੰਗ ਹੈ ਕਿ ਸ਼ਹੀਦ ਦੀ ਪਤਨੀ ਨੂੰ ਕੋਈ ਹੋਰ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਸ ਨੂੰ ਬੱਚੇ ਦੀ ਦੇਖਭਾਲ ਦੇ ਨਾਲ-ਨਾਲ ਕਰ ਸਕੇ।
ਸੁਖਜਿੰਦਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ 'ਚ ਇੱਕ ਖੇਡ ਸਟੇਡੀਅਮ ਵੀ ਬਣਵਾਇਆ ਗਿਆ। ਹੋਰ ਵੀ ਕੁੱਝ ਵਿੱਤੀ ਸਹਾਇਤਾ ਕੀਤੀ ਗਈ ਪਰ ਜ਼ਿੰਦਗੀ ਭਰ ਦੇ ਗੁਜ਼ਾਰੇ ਤੇ ਬੱਚੇ ਦੀ ਪਰਵਰਿਸ਼ ਲਈ ਇਹ ਰਕਮ ਕਾਫ਼ੀ ਨਹੀਂ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਪਾਉਂਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਐਲਾਨੀ ਰਾਸ਼ੀ ਦਿੱਤੀ ਜਾਵੇ।