ਤਰਨਤਾਰਨ: ਭਿੱਖੀਵਿੰਡ ਤੋਂ ਮਹਿਜ਼ 10 ਕਿਲੋਮੀਟਰ ਦੂਰ ਵੰਡ ਤੋਂ ਕਈ ਸਾਲ ਪਹਿਲਾਂ ਅੰਗਰੇਜ਼ੀ ਹਕੂਮਤ ਤੋਂ ਵੱਲੋਂ ਦੇਸ਼ ਦੀ ਸਰਹੱਦ ਉੱਤੇ ਵਸੇ ਪਿੰਡ ਖਾਲੜਾ ਵਿੱਚ ਇੱਕ ਰੈਸਟ ਹਾਊਸ ਦੀ ਉਸਾਰੀ ਕੀਤੀ ਗਈ ਸੀ, ਜਿਸ ਦੀ ਹਾਲਤ ਕਾਫ਼ੀ ਜਰਜਰ ਹੋ ਰੱਖੀ ਹੈ।
ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਇਮਾਰਤ ਦੀ ਉਮਰ ਲਗਭਗ 140 ਸਾਲ ਹੈ, ਅੰਗਰੇਜ਼ਾਂ ਵੱਲੋਂ ਇਸ ਨੂੰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਸਾਰਿਆ ਗਿਆ ਸੀ। ਲੋਕਾਂ ਨੇ ਦੱਸਿਆ ਕਿ ਭਾਰਤ-ਪਾਕ ਸੀਮਾ ਦੇ ਨਾਲ ਇਸ ਖਾਲੜਾ ਰੈਸਟ ਹਾਊਸ ਦੀ ਲਾਹੌਰ ਤੋਂ ਦੂਰੀ ਮਹਿਜ਼ 17 ਕਿਲੋਮੀਟਰ ਹੈ। ਭਾਰਤ-ਪਾਕ ਸੀਮਾ ਤੋਂ ਮਹਿਜ਼ 2-3 ਕਿਲੋਮੀਟਰ 'ਤੇ ਬਣੇ ਇਸ ਰੈਸਟ ਹਾਊਸ ਵਿੱਚ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦੇ ਅਫ਼ਸਰ ਆਪਣੀਆਂ ਪਤਨੀਆਂ ਅਤੇ ਪਰਿਵਾਰ ਸਮੇਤ ਠਹਿਰਦੇ ਸਨ ਅਤੇ ਨਾਲ ਹੀ ਕਈ ਵਿਦੇਸ਼ੀ ਮਹਿਮਾਨ ਵੀ ਠਹਿਰਦੇ ਰਹੇ ਹਨ।
ਦੇਸ਼ ਦੀ ਵੰਡ ਤੋਂ ਪਹਿਲਾ ਇਹ ਰੈਸਟ ਹਾਊਸ ਲਾਹੌਰ-ਮੋਗਾ-ਦਿੱਲੀ ਦੇ ਮੁੱਖ ਮਾਰਗ ਉੱਤੇ ਸਥਿਤ ਹੁੰਦਾ ਸੀ, ਜੋ ਕਿ ਕਰੀਬ 8 ਏਕੜ ਵਿੱਚ ਅੰਗਰੇਜ਼ੀ ਹਕੂਮਤ ਵੱਲੋਂ 1880 ਦੇ ਕਰੀਬ ਉਸਾਰਿਆ ਗਿਆ ਸੀ। ਵਾਸੀਆਂ ਮੁਤਾਬਕ ਇਥੇ ਅੱਜ ਵੀ ਪੁਰਾਤਨ ਦਰੱਖਤ ਮੌਜੂਦ ਹਨ।
ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਭਾਰਤ-ਪਾਕਿ ਜੰਗ ਮੌਕੇ ਭਾਰਤੀ ਫ਼ੌਜ ਵੱਲੋਂ ਬਰਕੀ ਪੋਸਟ ਤੱਕ ਕਬਜ਼ਾ ਕਰ ਲਿਆ ਸੀ ਤਾਂ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਫ਼ੌਜ ਦੀ ਹੌਂਸਲਾ-ਅਫ਼ਜਾਈ ਕਰਨ ਦੇ ਲਈ ਇਥੇ ਪੁੱਜੇ ਸਨ।