ਤਰਨ ਤਾਰਨ: ਬੀਤੀ 24 ਜੂਨ ਜ਼ਿਲ੍ਹੇ ਦੇ ਪਿੰਡ ਕੈਰੋਂ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਸਮੇਤ 5 ਲੋਕਾਂ ਦਾ ਕਤਲ ਹੋ ਗਿਆ ਸੀ। ਇਸ ਵਾਰਦਾਤ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ।
ਤਰਨ ਤਾਰਨ ਕਤਲ ਕਾਂਡ: ਪੁੱਤਰ ਨੇ ਹੀ ਪਿਉ ਸਮੇਤ 4 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ ਸ਼ਨੀਵਾਰ ਨੂੰ ਤਰਨ ਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਧਰੁਵ ਦਹੀਆ ਨੇ ਕਤਲ ਦੀ ਇਸ ਗੁੱਥੀ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਪਰਿਵਾਰ ਦੇ ਹੀ ਦੋ ਪੁੱਤਰਾਂ ਨੇ ਘਰੇਲੂ ਝਗੜੇ ਦੇ ਕਾਰਨ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਸ ਕਤਲ ਦੇ ਮੁੱਖ ਮੁਲਜ਼ਮ ਗੁਰਜੰਟ ਸਿੰਘ ਤੇ ਬੰਟੀ ਨੇ ਪਹਿਲਾਂ ਆਪਣੇ ਪਿਤਾ, ਦੋ ਭਾਬੀਆਂ ਤੇ ਡਰਾਈਵਰ ਦਾ ਕਤਲ ਕੀਤਾ। ਇਸ ਮਗਰੋਂ ਇਹ ਦੋਵੇਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਤਾਂ ਗੁਰਜੰਟ ਸਿੰਘ ਨੇ ਬੰਟੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਇਹ ਪੰਜੇ ਕਤਲ ਘਰੇਲੂ ਝਗੜੇ ਦੇ ਕਾਰਨ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਗੁਰਜੰਟ ਸਿੰਘ ਤੇ ਬੰਟੀ ਦਾ ਵਾਰਦਾਤ ਸਮੇਂ ਕਿਸੇ ਪ੍ਰਕਾਰ ਦਾ ਨਸ਼ਾ ਵੀ ਕੀਤਾ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਗੁਰਜੰਟ ਸਿੰਘ ਤੇ ਬੰਟੀ ਦਾ ਰਾਤ ਵੇਲੇ ਆਪਣੇ ਪਿਤਾ ਨਾਲ ਝਗੜਾ ਹੋਇਆ ਸੀ, ਇਸ ਦੌਰਾਨ ਦੋਵਾਂ ਨੇ ਆਪਣੇ ਪਿਤਾ ਦੀ ਕਿਰਪਾਨ ਨਾਲ ਹੀ ਉਸ ਦਾ ਕਤਲ ਕਰ ਦਿੱਤਾ। ਗੁਰਜੰਟ ਸਿੰਘ ਤੇ ਬੰਟੀ ਨੇ ਆਪਣੀਆਂ ਦੋ ਭਾਬੀਆਂ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਇਨ੍ਹਾਂ ਦੋਵਾਂ ਨੂੰ ਆਪਣੀਆਂ ਭਾਬੀਆਂ ਦੇ ਚਰਿੱਤਰ 'ਤੇ ਸ਼ੱਕ ਸੀ।
ਮੀਡੀਆ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਨੇ ਦੱਸਿਆ ਕਿ ਗੁਰਜੰਟ ਸਿੰਘ ਦਾ ਪਿਤਾ ਨਸ਼ੇ ਦਾ ਆਦੀ ਸੀ ਅਤੇ ਇਸ ਦੇ ਦੋ ਭਰਾ ਪਹਿਲਾਂ ਹੀ ਤਰਨ ਤਾਰਨ ਦੇ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕਸਰ ਹੀ ਇਨ੍ਹਾਂ ਦੇ ਪਰਿਵਾਰ ਵਿੱਚ ਝਗੜਾ ਹੁੰਦਾ ਰਹਿੰਦਾ ਸੀ।
ਤੁਹਾਨੂੰ ਦੱਸ ਦਈਏ ਕਿ 24 ਜੂਨ ਦੀ ਅੱਧੀ ਰਾਤ ਨੂੰ ਪਿੰਡ ਕੈਰੋਂ ਵਿੱਚ ਪੰਜ ਲੋਕਾਂ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ। ਇਸ ਕਤਲ ਵਿੱਚ ਮੁਲਜ਼ਮ ਗੁਰਜੰਟ ਸਿੰਘ ਨੇ ਪਿਤਾ ਬ੍ਰਿਜ ਲਾਲ (65), ਦੋ ਭਾਬੀਆਂ ਜਸਪ੍ਰੀਤ ਕੌਰ (28), ਅਮਨਦੀਪ ਕੌਰ (26) ਅਤੇ ਘਰੇਲੂ ਡਰਾਈਵਰ ਗੁਰਸਾਹਿਬ ਸਿੰਘ ਸਾਬਾ ਦਾ ਕਤਲ ਕਰਨ ਮਗਰੋਂ ਆਪਣੇ ਭਰਾ ਬੰਟੀ ਦਾ ਵੀ ਕਤਲ ਕਰ ਦਿੱਤਾ ਸੀ।