ਤਰਨਤਾਰਨ : ਹਰੀਕੇ ਹੈੱਡ ਵਰਕਸ ਦੇ ਚਾਰ ਗੇਟ ਖੋਲ੍ਹਣ ਮਗਰੋਂ ਡਾਊਨ ਸਟਰੀਮ ਪਾਣੀ ਦਾ ਅੰਕੜਾ 40 ਹਜ਼ਾਰ ਨੂੰ ਪਾਰ ਕਰ ਗਿਆ। ਨਹਿਰੀ ਵਿਭਾਗ ਦੇ ਉਪ ਮੰਡਲ ਅਫਸਰ ਨਵੀਨ ਗੁਪਤਾ ਦੇ ਮੁਤਾਬਕ ਪਾਣੀ ਦੀ ਆਮਦ 34 ਹਜ਼ਾਰ ਹੈ, ਪਰ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਡਾਊਨ ਸਟਰੀਮ ਨੂੰ ਵੱਧ ਪਾਣੀ ਰਿਲੀਜ਼ ਕਰ ਕੇ ਪੁਲ ਦਾ ਪੌਂਡ ਖੇਤਰ ਖਾਲੀ ਕੀਤਾ ਜਾ ਰਿਹਾ ਹੈ, ਜਦਕਿ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਨੂੰ ਨਾਮਾਤਰ ਪਾਣੀ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਮਖੂ ਕੈਨਾਲ ਦਾ ਗੇਟ ਟੁੱਟ ਜਾਣ ਕਾਰਨ ਮੁਕੰਮਲ ਬੰਦ ਕਰ ਦਿੱਤਾ ਅਤੇ ਬਚਾਅ ਕਾਰਜ ਜਾਰੀ ਰੱਖਦਿਆਂ ਮਿੱਟੀ ਦੇ ਬੋਰੇ ਲਗਾਏ ਜਾ ਰਹੇ ਹਨ। ਵਿਭਾਗੀ ਅਫਸਰਾਂ ਵੱਲੋਂ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਲਈ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਦਿਆਂ ਕੱਲ੍ਹ ਤੱਕ ਪਾਣੀ ਦੀ ਆਮਦ ਸਵਾ ਲੱਖ ਕਿਊਸਿਕ ਦੱਸੀ ਜਾ ਰਹੀ ਹੈ।
ਹਰੀਕੇ ਹੈੱਡ ਦੇ ਗੇਟ ਖੋਲ੍ਹੇ, ਅੱਜ 1 ਲੱਖ 68 ਹਜ਼ਾਰ ਕਿਊਸਿਕ ਪਾਣੀ ਦੇਵੇਗਾ ਦਸਤਕ - ਰੋਪੜ ਹੈਡ ਵਰਕਸ
ਪੰਜਾਬ ਵਿੱਚ ਲਗਾਤਾਰ ਵਰ੍ਹ ਰਹੇ ਮੀਂਹ ਤੋਂ ਬਾਅਦ ਹੁਣ ਹਰੀਕੇ ਹੈੱਡ ਵਰਕਸ ਦੇ ਚਾਰ ਗੇਟ ਖੋਲ੍ਹਣ ਮਗਰੋਂ ਡਾਊਨ ਸਟਰੀਮ ਪਾਣੀ ਦਾ ਅੰਕੜਾ 40 ਹਜ਼ਾਰ ਨੂੰ ਪਾਰ ਕਰ ਗਿਆ ਹੈ। ਵਿਭਾਗੀ ਅਫਸਰਾਂ ਵੱਲੋਂ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਲਈ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਦਿਆਂ ਕੱਲ੍ਹ ਤੱਕ ਪਾਣੀ ਦੀ ਆਮਦ ਸਵਾ ਲੱਖ ਕਿਊਸਿਕ ਦੱਸੀ ਜਾ ਰਹੀ ਹੈ।
ਹੇਠਲੇ ਪਿੰਡਾਂ ਵਿੱਚ ਮੰਡਰਾ ਰਹੇ ਖਤਰੇ ਦੇ ਬੱਦਲ :ਸੂਤਰਾਂ ਦੀ ਮੰਨੀਏ ਤਾਂ ਰੋਪੜ ਹੈਡ ਵਰਕਸ ਵਿੱਚ ਨਹਿਰੀ ਪਾਣੀ ਦੀ ਆਮਦ ਜ਼ਿਆਦਾ ਹੋਣ ਕਾਰਨ 1 ਲੱਖ 68 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ, ਜੋ 10 ਜੁਲਾਈ ਨੂੰ ਹਰੀਕੇ ਦਸਤਕ ਦੇਵੇਗਾ। ਅੱਜ ਛੱਡੇ ਪਾਣੀ ਤੋਂ ਬਾਅਦ ਹੇਠਲੇ ਪਿੰਡਾਂ ਦਾ ਜਾਇਜ਼ਾ ਲਿਆ ਤਾਂ ਕਿਸਾਨਾਂ ਦੀਆਂ ਫਸਲਾਂ ਪਸ਼ੂ ਧਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹੋਰ ਖਤਰਿਆਂ ਦੇ ਬੱਦਲ ਮੰਡਰਾਉਂਦੇ ਦਿਖਾਈ ਦਿੱਤੇ। ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਰਦੇਸ਼ ਜਾਰੀ ਕਰਦਿਆਂ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ-ਨਾਲ ਥਾਪੇ ਗਏ ਚੇਅਰਮੈਨਾਂ ਨੂੰ ਆਪਣੇ ਅਧਿਕਾਰਿਤ ਖੇਤਰਾਂ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਸਾਰ ਲੈਣ ਦੀ ਗੱਲ ਆਖੀ। ਇਸ ਸਮੇਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵੀ ਯਕੀਨੀ ਹੋਵੇਗੀ, ਪਰ ਅਫਸੋਸ ਪਰਸੋਂ ਤੋਂ ਲਗਾਤਾਰ ਪੈ ਰਹੀ ਬਾਰਸ਼ ਅਤੇ ਪਹਾੜੀ ਖੇਤਰਾਂ ਦੇ ਪਾਣੀ ਦੀ ਆਮਦ ਦੇ ਕੇਵਲ ਅੰਕੜੇ ਹੀ ਇਕੱਠੇ ਕੀਤੇ ਜਾ ਰਹੇ ਹਨ। ਜਦਕਿ ਲੋਕ ਪ੍ਰਸ਼ਾਸਨ ਤੋਂ ਵੱਡੀ ਉਮੀਦ ਲਾਈ ਬੈਠੇ ਹਨ।
ਇਸ ਤੋਂ ਇਲਾਵਾ ਡਾਊਨ ਸਟਰੀਮ ਧੁੱਸੀ ਬੰਨ੍ਹ ਦੇ ਬਾਹਰ ਬਹਿਕਾਂ ਉਤੇ ਵੱਸਦੇ ਲੋਕ ਵੀ ਪਾਣੀ ਦੀ ਮਾਰ ਝੱਲ ਰਹੇ ਹਨ। ਕੌਮੀ ਸ਼ਾਹ ਰਾਹ ਉਤੇ ਬਣੇ ਸੈਫਲ ਨੂੰ ਅੱਜ ਵੀ ਪ੍ਰਸ਼ਾਸਨ ਨਹੀਂ ਖੁਲਵਾ ਸਕਿਆ ਜਿਸਤੋਂ ਬਾਅਦ ਪੰਚਾਇਤੀ ਜਮੀਨ ਦੇ ਕਾਸ਼ਤਕਾਰਾਂ ਨੂੰ ਪਾਣੀ ਦੀ ਨਿਕਾਸੀ ਵਿਚ ਕੋਈ ਰਾਹਤ ਨਹੀਂ ਮਿਲੀ।