ਤਰਨ ਤਾਰਨ: ਬੀਤੇ ਦਿਨੀ ਜੰਮੂ ਕਸ਼ਮੀਰ ਦੇ ਨੌਸ਼ਿਹਰਾ ਖੇਤਰ ਵਿੱਚ ਸ਼ਹੀਦ ਹੋਏ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਜਵਾਨ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਅੱਜ ਅੰਤਿਮ ਅਰਦਾਸ ਹੋਈ। ਸ਼ਹੀਦ ਦੇ ਸ਼ਰਧਾਂਜਲੀ ਦਿਵਸ ਮੌਕੇ ਨਾ ਹੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਸ਼ਾਮਲ ਹੋਇਆ ਅਤੇ ਨਾ ਹੀ ਸੱਤਾਧਾਰੀ ਪਾਰਟੀ ਦੇ ਕੋਈ ਵੱਡੇ ਆਗੂ ਨੇ ਆਉਣਾ ਜ਼ਰੂਰੀ ਸਮਝਿਆ।
ਸ਼ਹੀਦ ਦੀ ਸ਼ਹਾਦਤ ਭੁੱਲੀ ਸਰਕਾਰ, ਸ਼ਰਧਾਂਜਲੀ ਸਮਾਗਮ 'ਚੋਂ ਗਾਇਬ ਰਹੇ ਕਾਂਗਰਸੀ ਨੇਤਾ - ਕਾਂਗਰਸ ਨੇਤਾ
ਤਰਨ ਤਾਰਨ ਦੇ ਪਿੰਡ ਗੋਇੰਦਵਾਲ ਸਾਹਿਬ ਦੇ ਸ਼ਹੀਦ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਸ਼ਹੀਦੀ ਨੂੰ ਪੰਜਾਬ ਸਰਕਾਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸਾਰ ਦਿੱਤਾ। ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਕੋਈ ਵੀ ਮੰਤਰੀ ਨਹੀਂ ਪਹੁੰਚਿਆਂ ਜਿਸ ਕਾਰਨ ਪਰਿਵਾਰਕ ਮੈਬਰਾਂ ਵਿੱਚ ਰੋਸ ਹੈ।
ਸ੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਕੁਲਦੀਪ ਸਿੰਘ ਅੋਲਖ, ਐਸ.ਜੀ.ਪੀ.ਸੀ. ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਤੋਂ ਇਲਾਵਾ ਇਕਬਾਲ ਸਿੰਘ ਸੰਧੂ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉੱਥੇ ਹੀ ਆਮ ਆਦਮੀ ਪਾਰਟੀ ਦੀ ਜਗਰਾਉਂ ਤੋ ਵਿਧਾਇਕਾ ਸਰਬਜੀਤ ਕੋਰ ਮਾਣੂਕੇ ਨੇ ਵੀ ਪਹੁੰਚ ਕੇ ਸ਼ਹੀਦ ਨੂੰ ਸ਼ਰਧਾਜਲੀ ਭੇਟ ਕੀਤੀ।
ਇਸ ਮੌਕੇ ਪਹੁੰਚੇ ਸੈਨਿਕ ਭਲਾਈ ਦਫਤਰ ਦੇ ਅਧਿਕਾਰੀ ਨੇ ਸ਼ਹੀਦ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਵੀ ਭੇਂਟ ਕੀਤਾ। ਕਿਸੇ ਵੀ ਮੰਤਰੀ ਅਤੇ ਉੱਚ ਅਧਿਕਾਰੀਆਂ ਦੇ ਨਾ ਪਹੁੰਚਣ 'ਤੇ ਪਰਿਵਾਰ ਅਤੇ ਸਾਬਕਾ ਫੌਜੀਆਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਟੇਜਾਂ 'ਤੇ ਖਲੋ ਕੇ ਵੋਟਾਂ ਖਾਤਰ ਤਾ ਗੱਲਾਂ ਕਰਦੇ ਹਨ ਪਰ ਥੋੜੇ ਸਮੇਂ ਬਾਅਦ ਹੀ ਸ਼ਹੀਦਾਂ ਦੀ ਸ਼ਹੀਦੀ ਨੂੰ ਭੁਲਾ ਦਿੱਤਾ ਜਾਂਦਾ ਹੈ।