ਤਰਨਤਾਰਨ:ਤਰਨਤਾਰਨ ਵਿੱਚ ਆਏ ਦਿਨ ਲੁੱਟ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੁਟੇਰਿਆਂ ਅਤੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਚੋਰੀਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਪ੍ਰਸ਼ਾਸਨ ਦੇ ਨੱਕ ਹੇਠੋਂ ਬੜੇ ਹੀ ਬੁਲੰਦ ਹੌਂਸਲਿਆਂ ਨਾਲ ਅੰਜਾਮ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਗੋਇੰਦਵਾਲ ਬਾਈਪਾਸ ਦੇ ਨਜ਼ਦੀਕ ਪੰਜਾਬ ਪੈਲਸ ਦੇ ਸਾਹਮਣੇ ਸਥਿਤ ਇੱਕ ਪਾਰਲਰ 'ਤੋਂ ਸਾਹਮਣੇ ਆਇ, ਜਿੱਥੇ ਚੋਰਾਂ ਵੱਲੋਂ ਬਿਊਟੀ ਪਾਰਲਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੂਸਰੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰਕੇ ਚੋਰੀਂ ਦਾ ਸਮਾਨ ਬਰਾਮਦ ਕਰ ਲਿਆ ਜਾਵੇਗਾ।
ਪਾਰਲਰ ਵਿੱਚੋਂ ਮਹਿੰਗੇ ਪ੍ਰੋਡੈਕਟ ਚੋਰੀ:ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਲਰ ਦੀ ਮਾਲਕਣ ਕਵਲਜੀਤ ਕੌਰ ਵਾਸੀ ਪਿੰਡ ਸਹਾਬਪੁਰ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਉਹ ਆਪਣੇ ਘਰ ਸਨ ਤਾਂ ਉਨ੍ਹਾਂ ਨੂੰ ਕਿਸੇ ਨਜ਼ਦੀਕੀ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਹ ਆਪਣੀ ਦੁਕਾਨ 'ਤੇ ਪਹੁੰਚੇ ਅਤੇ ਦੇਖਿਆਂ ਕਿ ਪਾਰਲਰ ਵਿੱਚ ਮੌਜੂਦ ਸਕਿੱਨ ਟਰੀਟਮੈਂਟ ਦੀਆਂ ਬ੍ਰਾਂਡੈਡ ਕ੍ਰੀਮਾਂ, ਮਹਿੰਗੇ ਲਹਿੰਗੇ ਅਤੇ ਸੈਲੂਨ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਗਾਇਬ ਸਨ। ਇਸ ਸਬੰਧੀ ਜਦੋਂ ਉਨ੍ਹਾਂ ਵੱਲੋਂ ਦੁਕਾਨ ਉੱਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਮਰੇ ਆਫ ਲਾਈਨ ਸਨ। ਜਦੋਂ ਉਨ੍ਹਾਂ ਕੈਮਰਿਆਂ ਦੀ ਡੀ.ਵੀ.ਆਰ ਚੈੱਕ ਕੀਤੀ ਤਾਂ ਉਹ ਵੀ ਗਾਇਬ ਸੀ।