ਸਵੇਰੇ ਫ਼ੋਨ ਤੇ ਪੁੱਛਿਆ ਪੁੱਤਰ ਦਾ ਹਾਲ, ਕੁਝ ਦੇਰ ਬਾਅਦ ਸ਼ਹਾਦਤ ਦੀ ਖ਼ਬਰ - ਸ਼ਹੀਦ
ਤਰਨ ਤਾਰਨ: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਵੀ ਸ਼ਾਮਲ ਹੈ।
ਦੱਸ ਦਈਏ, ਸੁਖਜਿੰਦਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ। ਇਸ ਦੇ ਨਾਲ ਹੀ ਸ਼ਹੀਦ ਦੇ ਭਰਾ ਗੁਰਜੰਟ ਸਿੰਘ ਜੰਟਾ ਨੇ ਪਰਿਵਾਰ ਨੂੰ ਸੁਖਜਿੰਦਰ ਸਿੰਘ ਦੀ ਸ਼ਹਾਦਤ ਬਾਰੇ ਦੱਸਿਆ ਤਾਂ ਸਾਰੇ ਪਰਿਵਾਰ ਦਾ ਮਾਹੌਲ ਗੰਮਗੀਨ ਹੋ ਗਿਆ। ਇਸ ਤੋਂ ਇਲਾਵਾ ਸ਼ਹੀਦ ਦੇ ਭਰਾ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਸੁਖਜਿੰਦਰ ਸਿੰਘ ਨੇ ਆਪਣੇ ਘਰ ਫ਼ੋਨ ਕਰਕੇ ਆਪਣੇ ਪੁੱਤਰ ਦਾ ਹਾਲ ਪੁੱਛਿਆ ਕਿ ਮੇਰਾ ਗੁਰਜੋਤ ਰੋਂਦਾ ਤਾਂ ਨਹੀਂ ਪਿਆ ਤੇ ਥੋੜੀ ਦੇਰ ਬਾਅਦ ਉਸ ਦੀ ਸ਼ਹਾਦਤ ਦੀ ਖ਼ਬਰ ਆ ਗਈ।
ਗੁਰਮੇਲ ਸਿੰਘ ਦਾ ਪੁੱਤਰ ਸੁਖਜਿੰਦਰ ਸਿੰਘ ਸੀਆਰਪੀਐੱਫ਼ ਦੀ 76ਵੀਂ ਬਟਾਲੀਅਨ ਵਿੱਚ ਬਤੌਰ ਕਾਂਸਟੇਬਲ ਦੇ ਅਹੁਦੇ ਤੇ ਤਾਇਨਾਤ ਸੀ। ਸ਼ਹੀਦ ਸੁਖਜਿੰਦਰ ਸਿੰਘ 28 ਜਨਵਰੀ ਨੂੰ ਇੱਕ ਮਹੀਨੇ ਦੀ ਛੁੱਟੀਆਂ 'ਚ ਰਹਿਣ ਘਰ ਆਇਆ ਸੀ। ਸੁਖਜਿੰਦਰ ਨੇ ਮਹੀਨੇ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ ਜਾਣ ਵੇਲੇ ਆਪਣੇ ਅੱਠ ਮਹੀਨੇ ਦੇ ਪੁੱਤਰ ਨੂੰ ਬਾਰ ਚੁੰਮਿਆ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅੱਤਵਾਦੀ ਵਲੋਂ ਕੀਤੇ ਇਸ ਹਮਲੇ ਦਾ ਮੁੰਹਤੋੜ ਜਵਾਬ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲਵਾਮਾ ਜ਼ਿਲ੍ਹੇ ਵਿੱਚ ਸ੍ਰੀ ਨਗਰ- ਜੰਮੂ ਰਾਜਮਾਗਰ ਤੇ ਲੇਥਪੋਰਾ ਦੇ ਕੋਲ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਜਵਾਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 42 ਜਵਾਨ ਸ਼ਹੀਦ ਹੋ ਗਏ ਸਨ।