ਤਰਨਤਾਰਨ: ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਫਿਰ ਵੀ ਦੇਸ਼ ਭਰ ਵਿੱਚ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਅਤੇ ਧੀਆਂ-ਪੁੱਤਰ ਗ਼ੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸਦੀ ਤਾਜ਼ਾ ਮਿਸਾਲ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਾਲੜਾ ਵਿਖੇ ਦੇਖਣ ਨੂੰ ਮਿਲੀ, ਜਿਥੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਸਾਥੀ ਮਦਨ ਲਾਲ ਦਾ ਮੁੰਡਾ ਅੱਜ ਵੀ ਪੰਜਾਬ ਸਰਕਾਰ ਕੋਲੋਂ ਸਨਮਾਨਤ ਹੋਣ ਦੇ ਬਾਵਜੂਦ ਸਰਕਾਰੀ ਸਹੂਲਤਾਂ ਨੂੰ ਤਰਸ ਰਿਹਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ ਕਿ ਕਿਵੇਂ ਉਸ ਨੂੰ ਸਰਕਾਰ ਕੋਲੋਂ ਹਰ ਵਾਰ ਠੋਕਰਾਂ ਮਿਲੀਆਂ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਸਰਕਾਰ ਦੀ ਬੇਰੁਖ਼ੀ ਕਾਰਨ ਆਜ਼ਾਦੀ ਘੁਲਾਟੀਏ ਦਾ ਮੁੰਡਾ ਠੋਕਰਾਂ ਖਾਣ ਲਈ ਮਜਬੂਰ ਭਾਰਤ ਸਰਕਾਰ ਨੇ ਤਾਮਰ ਪੱਤਰ ਦੇ ਕੇ ਨਿਵਾਜ਼ਿਆ ਸੀ ਆਜ਼ਾਦੀ ਘੁਲਾਟੀਆ
ਕਸਬਾ ਖਾਲੜਾ ਵਾਸੀ ਦਲਜੀਤ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਸਾਥੀ ਮਦਨ ਲਾਲ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਲਾ ਦਿੱਤਾ ਹੈ। ਮਦਨ ਲਾਲ ਨੇ ਉਸ ਟਾਈਮ ਦੇ ਮੁੱਖ ਮੰਤਰੀ ਗੋਪੀਚੰਦ ਭਾਰਗਵ ਨਾਲ ਜੇਲ ਵੀ ਕੱਟੀ ਸੀ। ਉਸ ਵਕਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕਾਂਗਰਸ ਭਵਨ ਦੀ ਇਮਾਰਤ ਦਾ ਨੀਂਹ ਪੱਥਰ ਉਸਦੇ ਪਿਤਾ ਦੇ ਹੱਥੀਂ ਰਖਵਾਇਆ ਸੀ। ਭਾਰਤ ਸਰਕਾਰ ਵੱਲੋਂ ਮੇਰੇ ਪਿਤਾ ਨੂੰ ਤਾਮਰ ਪੱਤਰ ਦੇ ਕੇ ਨਵਾਜਿਆ ਗਿਆ।
ਸਹੂਲਤ ਦੇਣ ਲਈ ਸਰਕਾਰ ਮੰਗ ਰਹੀ ਹੈ ਦਸਤਾਵੇਜ਼
ਮੇਰੇ ਪਿਤਾ ਦੀ ਮੌਤ ਤੋਂ ਬਾਅਦ ਕਿਸੇ ਵੀ ਉਸਦੀ ਬਾਂਹ ਨਹੀਂ ਫੜੀ। ਉਹ ਬੀਏ ਪਾਸ ਹੈ ਤੇ ਉਸਦੀ ਉਮਰ 55 ਸਾਲ ਦੇ ਕਰੀਬ ਹੈ। ਉਹ ਜਦ ਵੀ ਕਿਸੇ ਸਰਕਾਰੀ ਅਧਿਕਾਰੀ ਤੋਂ ਨੌਕਰੀ ਦੀ ਜਾਂ ਸਰਕਾਰੀ ਸਹੂਲਤ ਦੀ ਮੰਗ ਕਰਦਾ ਹੈ ਤਾਂ ਉਸ ਕੋਲੋਂ ਸਬੂਤਾਂ ਦੀ ਮੰਗ ਕੀਤੀ ਜਾਂਦੀ ਹੈ ਪਰ ਉਸਦੇ ਪਿਤਾ ਦੀ ਮੌਤ ਨੂੰ ਬਹੁਤ ਸਮਾਂ ਹੋ ਗਿਆ। ਉਸ ਸਮੇਂ 65/71 ਦੀ ਜੰਗ ਸਮੇਂ ਮਾਹੌਲ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਘਰ ਛੱਡ ਕੇ ਪਿੱਛੇ ਜਾਣਾ ਪਿਆ, ਜਿਸ ਕਾਰਨ ਸਾਰੇ ਦਸਤਾਵੇਜ਼ ਗੁੰਮ ਹੋ ਗਏ ਸਨ।
'ਜੇਕਰ ਮੇਰਾ ਪਿਤਾ ਆਜ਼ਾਦੀ ਘੁਲਾਟੀਆ ਨਹੀਂ ਤਾਂ ਮੈਨੂੰ ਕਿਉਂ ਸਨਮਾਨਤ ਕੀਤਾ ਜਾਂਦੈ'
ਦਲਜੀਤ ਕੁਮਾਰ ਨੇ ਕਿਹਾ ਕਿ ਜੇਕਰ ਉਸਦੇ ਪਿਤਾ ਆਜ਼ਾਦੀ ਘੁਲਾਟੀਆਂ ਨਹੀਂ ਹੈ ਤਾਂ ਸਰਕਾਰ ਵੱਲੋਂ 15 ਅਗਸਤ ਅਤੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਮਨਾਏ ਜਾਂਦੇ ਸਰਕਾਰੀ ਸਮਾਗਮ ਵਿੱਚ ਮੈਨੂੰ ਸਨਮਾਨਿਤ ਕਿਉਂ ਕੀਤਾ ਜਾਂਦਾ ਹੈ ਕਿ ਸਰਕਾਰ ਕੋਲ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਦੇ ਸਬੂਤ ਕਿਉਂ ਨਹੀਂ ਹਨ। ਸਰਕਾਰ ਸਭ ਕੁਝ ਹੈ ਤਾਂ ਫਿਰ ਸਾਨੂੰ ਬਣਦੀਆਂ ਸਹੂਲਤਾਂ ਕਿਉਂ ਨਹੀਂ ਦਿੱਤੀਆ ਜਾ ਰਹੀਆਂ।
ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਇਨਸਾਫ਼ ਦੀ ਗੁਹਾਰ
ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੂੰ ਇਨਸਾਫ਼ ਦੀ ਗੁਹਾਰ ਲਾਈ ਹੈ ਕਿ ਸ਼ਾਇਦ ਕੋਈ ਸਰਕਾਰੀ ਅਧਿਕਾਰੀ ਉਸ ਦੀ ਮਦਦ ਲਈ ਅੱਗੇ ਆਵੇ ਅਤੇ ਇਨਸਾਫ ਮਿਲ ਜਾਵੇ। ਉਸ ਨੇ ਕਿਹਾ ਕਿ ਮੇਰੀ ਸਰਕਾਰ ਕੋਲੋਂ ਮੰਗ ਹੈ ਕਿ ਉਸ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਆਜ਼ਾਦੀ ਘੁਲਾਟੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।