ਅੰਮ੍ਰਿਤਸਰ:ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਨੇ ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ ਜੋ ਕਿ ਪੰਜਾਬ ਪੁਲਿਸ 'ਚ 7.6 ਫੁੱਟ ਲੰਬਾ ਕਾਂਸਟੇਬਲ ਸੀ, ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਗਦੀਪ ਸਿੰਘ ਦੀ ਇਹ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਹੈ। ਦੀਪ ਸਿੰਘ ਅਮਰੀਕਾ ਦੇ ਗੋਟ ਟੈਲੇਂਟ ਵਿੱਚ ਵੀ ਜਾ ਚੁੱਕਾ ਹੈ, ਜਿੱਥੇ ਉਸਨੇ ਗਤਕਾ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਫਿਲਹਾਲ ਦੀਪ ਸਿੰਘ ਨੇ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਕੋਰਟ ਵਿੱਚ ਪੇਸ਼ੀ:ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਜਗਦੀਪ ਸਿੰਘ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲਰੀ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਆਪਣੀ ਕਾਰ ’ਤੇ ਪੰਜਾਬ ਪੁਲਿਸ ਦਾ ਸਟਿੱਕਰ ਵੀ ਲਗਾ ਕੇ ਘੁੰਮਦਾ ਰਹਿੰਦਾ ਸੀ।
ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਤੋਂ ਕੁਝ ਸਮਾਂ ਪਹਿਲਾਂ ਦਿੱਤਾ ਹੈ ਅਸਤੀਫਾ :ਦੱਸ ਦੇਈਏ ਕਿ ਜਗਦੀਪ ਸਿੰਘ ਨੇ ਪੰਜਾਬ ਪੁਲਿਸ ਵਿੱਚੋਂ ਕਾਂਸਟੇਬਲ ਦੀ ਨੌਕਰੀ ਛੱਡ ਦਿੱਤੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। 7.6 ਫੁੱਟ ਦੇ ਆਪਣੇ ਕੱਦ ਕਾਰਨ ਉਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।
ਕੁਝ ਸਮਾਂ ਬਾਅਦ ਜਾਣਾ ਸੀ ਅਮਰੀਕਾ: ਦੱਸ ਦੇਈਏ ਕਿ ਉਸ ਨੇ ਕੁਝ ਸਮੇਂ ਬਾਅਦ ਵਾਪਸ ਅਮਰੀਕਾ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਹੈਰੋਇਨ ਸਮੇਤ ਫੜਿਆ ਗਿਆ ਹੈ। ਦਰਅਸਲ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ ਦੀ ਡਿਲੀਵਰੀ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਰਨਤਾਰਨ 'ਚ ਖੁਫੀਆ ਕਾਰਵਾਈ ਕੀਤੀ। ਇਸ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ਕਾਰ ਵਿੱਚ ਉੱਥੇ ਪਹੁੰਚ ਗਿਆ। ਪੁਲਿਸ ਮੁਲਾਜ਼ਮਾਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਦੀਪ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਦੀਪ ਦੇ ਦੋ ਹੋਰ ਸਾਥੀ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।
ਕੌਣ ਹੈ ਦੀਪ ਸਿੰਘ: ਦੀਪ ਸਿੰਘ ਆਪਣੇ ਕੱਦ ਕਾਰਨ ਤਾਂ ਇੱਕ ਵੱਖਰੀ ਪਛਾਣ ਪਹਿਲਾਂ ਤੋਂ ਹੀ ਸੀ, ਪਰ ਜਦੋਂ ਉਹ ਫਿਲਮਾਂ ਅਤੇ ਇੰਡੀਆ ਗੌਟ ਟੇਲੈਂਟ ਸ਼ੌਅ 'ਚ ਗਿਆ ਤਾਂ ਉਸ ਨੂੰ ਹੋਰ ਵੀ ਪ੍ਰਸਿੱਧੀ ਮਿਲੀ। ਜਾਣਕਾਰੀ ਮੁਤਾਬਿਕ ਦੀਪ ਸਿੰਘ ਨੇ ਹੁਣ ਵੀ ਅਮਰੀਕਾ ਜਾਣਾ ਸੀ ਪਰ ਪੁਲਿਸ ਨੇ ਉਸ ਨੂੰ ਪਹਿਲਾ ਹੀ ਗ੍ਰਿਫ਼ਤਾਰ ਕਰ ਲਿਆ।
ਦੀਪ ਨੇ ਕਿਵੇਂ ਚੁੱਕਿਆ ਫਾਇਦਾ: ਦੱਸ ਦਈਏ ਕਿ ਦੀਪ ਪੁਰਾਣਾ ਪੁਲਿਸ ਮੁਲਾਜ਼ਮ ਹੈ। ਜਿਸ ਕਾਰਨ ਉਸ ਤੋਂ ਕਦੇ ਵੀ ਨਾਕਿਆਂ 'ਤੇ ਪੁੱਛਗਿੱਛ ਨਹੀਂ ਹੁੰਦੀ ਹੈ। ਦੀਪ ਆਪਣੀ ਗੱਡੀ 'ਤੇ ਵੀ ਪੰਜਾਬ ਪੁਲਿਸ ਦਾ ਸਟਿੱਕਰ ਲਗਾ ਕੇ ਘੁੰਮਦਾ ਸੀ। ਇਸੇ ਦਾ ਫਾਇਦਾ ਚੁੱਕ ਕੇ ਦੀਪ ਸਿੰਘ ਖੁਦ ਹੀ ਆਪਣੀ ਵਰਦੀ ਅਤੇ ਆਪਣੇ ਕਿਰਦਾਰ ਨੂੰ ਮੈਲਾ ਕਰਨ ਲੱਗਿਆ ਤੇ ਨਸ਼ੇ ਦੀ ਤਸਕਰੀ ਸ਼ੁਰੂ ਕਰ ਦਿੱਤੀ, ਪਰ ਸ਼ਾਇਦ ਉਸ ਨੂੰ ਇਹ ਨਹੀਂ ਪਤਾ ਸੀ ਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਅਤੇ ਇੱਕ ਨਾ ਇੱਕ ਦਿਨ ਮੁਲਜ਼ਮ ਤੱਕ ਜ਼ਰੂਰ ਪਹੁੰਚ ਜਾਂਦੇ ਹਨ। ਹੁਣ ਪੁਲਿਸ ਵੱਲੋਂ ਉਸ ਨੂੰ ਅਦਾਲਤ 'ਚ ਪੇਸ਼ ਕਰ ਉਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।