ਤਰਨ ਤਾਰਨ:ਆਜ਼ਾਦੀ ਦਿਹਾੜੇ ਮੌਕੇ ਜਿੱਥੇ ਸੂਬੇ ਭਰ ਵਿੱਚ ਚੱਪੇ-ਚੱਪੇ ਉੱਤੇ ਪੁਲਿਸ ਤੈਨਾਤ ਹੈ, ਉੱਥੇ ਹੀ ਇਸ ਵਿਚਾਲੇ ਤਰਨ ਤਾਰਨ ਦੇ ਪਿੰਡ ਡੇਰਾ ਤੋਂ ਇੱਕ 3 ਸਾਲ ਦੇ ਮਾਸੂਮ ਬੱਚੇ ਨੂੰ ਉਸ ਦੇ ਪਿਤਾ ਦੇ ਹੱਥੋਂ ਖੋਹ ਕੇ ਅਗਵਾਹ ਕਰਨ ਦੀ ਖਬਰ ਸਾਹਮਣੇ ਆਉਂਦੀ ਹੈ, ਜਿਸ ਨਾਲ ਹਰ ਪਾਸੇ ਸਹਿਮ ਦਾ ਮਾਹੌਲ ਬਣ ਗਿਆ। ਪਰ ਜਦੋਂ ਪੁਲਿਸ ਨੇ ਮਾਮਲੇ ਸਬੰਧੀ ਤਫਦੀਸ਼ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਪੁਲਿਸ ਨੇ ਬੱਚੇ ਦਾ ਕਤਲ ਕਰਨ ਵਾਲੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੂਰੀ ਤਹਿ ਤਕ ਤਫ਼ਦੀਸ਼ ਕੀਤੀ ਜਾ ਰਹੀ ਹੈ।
ਕਾਤਲ ਪਿਤਾ ਨੇ ਰਚੀ ਝੂਠੀ ਕਹਾਣੀ :ਦਰਅਸਲ 3 ਸਾਲ ਦੇ ਮਾਸੂਮ ਗੁਰਸੇਵਕ ਨੂੰ ਕਿਸੇ ਨੇ ਅਗਵਾਹ ਨਹੀਂ ਕੀਤਾ ਸੀ, ਉਸ ਦਾ ਕਤਲ ਹੋ ਚੁੱਕਿਆ ਸੀ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸਦਾ ਹੀ ਪਿਤਾ ਅੰਗਰੇਜ਼ ਸਿੰਘ ਸੀ, ਜਿਸ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪੁਲਿਸ ਅੱਗੇ ਇਕ ਝੂਠੀ ਕਹਾਣੀ ਪੇਸ਼ ਕਰਦਿਆਂ ਬੱਚੇ ਦੇ ਅਗਵਾਹ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਅੰਗਰੇਜ਼ ਸਿੰਘ ਦੀ ਬਣਾਈ ਕਹਾਣੀ ਮੁਤਾਬਿਕ ਬੱਚਾ ਅਗਵਾ ਉਸ ਸਮੇਂ ਹੋਇਆ ਜਦੋਂ ਉਹ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਮੋਟਰਸਾਈਕਲ ਉੱਤੇ ਲੈਕੇ ਜਾ ਰਿਹਾ ਸੀ।