ਤਰਨਤਾਰਨ: ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਪੱਟੀ ਵਾਇਆ ਮੱਲਾਂ ਵਾਲਾ ਰੇਲਵੇ ਲਾਈਨ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰਨ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਤਰਨਤਾਰਨ ਜ਼ਿਲ੍ਹੇ ਦੇ 8 ਪਿੰਡਾਂ ਦੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰੇਲਵੇ ਲਾਈਨ ਪਾਉਣ ਲਈ ਕੇਂਦਰ ਦਾ ਪ੍ਰਾਜੈਕਟ ਹੈ ਜਿਸ ਲਈ 8 ਪਿੰਡਾਂ ਦੀ 95 ਏਕੜ ਜ਼ਮੀਨ ਐਕਵਾਇਰ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਰੇਲਵੇ ਪ੍ਰਾਜੈਕਟ ਅਧੀਨ ਜਿੰਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਉਨ੍ਹਾਂ ਵਿੱਚ ਪਿੰਡ ਕੋਟ ਬੁੱਢਾ, ਬੰਗਲਾ ਰਾਏ, ਸਫ਼ਾ ਸਿੰਘ ਵਾਲਾ, ਕਲੇਕੇ ਉਤਾੜ, ਤਲਵੰਡੀ ਸੋਭਾ ਸਿੰਘ, ਤਲਵੰਡੀ ਮੁਤਸੱਦਾ ਸਿੰਘ ਅਤੇ ਪਿੰਡ ਮਾਨ ਹਲਕਾ ਪੱਟੀ ਅਤੇ ਖੇਮਕਰਨ ਨਾਲ ਸਬੰਧਤ ਸ਼ਾਮਿਲ ਹਨ ।
ਅਧਿਕਾਰੀਆਂ ਨੂੰ ਚਿਤਾਵਨੀ: ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਰੇਲਵੇ ਵੱਲੋਂ ਪ੍ਰਾਜੈਕਟ ਵਿੱਚ ਕਿਸਾਨਾਂ ਦੇ ਹੱਕਾਂ ਨੂੰ ਅੱਖੋ-ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਨੂੰ ਖੇਤਾਂ ਵਿੱਚ ਮਿੱਟੀ ਪਾਕੇ ਉੱਪਰ ਚੁੱਕਿਆ ਜਾ ਰਿਹਾ ਅਤੇ ਲੋਕਾਂ ਦੇ ਘਰ ਨੀਵੇਂ ਹਨ ਜਿਸ ਕਰਕੇ ਪਿੰਡਾਂ ਵਿੱਚ ਬਰਸਾਤ ਤੋਂ ਬਾਅਦ ਪਾਣੀ ਵੜਨ ਦਾ ਖ਼ਦਸ਼ਾ ਹੋਰ ਵੀ ਵਧ ਜਾਵੇਗਾ। ਉਨ੍ਹਾਂ ਕਿਹਾ ਰੇਲਵੇ ਪ੍ਰਾਜੈਕਟ ਨੂੰ ਬਰਸਾਤ ਦੇ ਦਿਨਾਂ ਵਿੱਚ ਦਰਿਆ ਦੇ ਪਾਣੀ ਦੀ ਮਾਰ ਪਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਰਕਾਰ ਵੱਲੋਂ ਰੇਤ ਖੱਡ ਵੀ ਮਨਜ਼ੂਰ ਕੀਤੀ ਗਈ ਹੈ ਅਤੇ ਰੇਤ ਖੱਡ ਨਜ਼ਦੀਕ ਅਜਿਹਾ ਪ੍ਰਾਜੈਕਟ ਨਹੀਂ ਲੱਗ ਸਕਦਾ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈਕੇ ਉਹ ਜ਼ਿਲ੍ਹੇ ਦੇ ਡੀਸੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਨੇ ਅਤੇ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ।