ਤਰਨਤਾਰਨ: ਪਿਛਲੇ 4 ਦਿਨਾਂ ਤੋਂ ਚੱਲ ਰਹੇ 'ਜੇਲ੍ਹ ਭਰੋ' ਅੰਦੋਲਨ ਦੇ ਤਹਿਤ ਕਿਸਾਨ ਜਥੇਬੰਦੀਆਂ ਪੱਟੀ ਦੀ ਸਬ ਜੇਲ੍ਹ ਦੇ ਬਾਹਰ ਗ੍ਰਿਫ਼ਤਾਰੀਆਂ ਦੇਣ ਲਈ ਪਹੁੰਚੀਆਂ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਸਭਰਾਂ ਨੇ ਦੱਸਿਆ ਕਿ ਉਹ ਪਿਛਲੇ 4 ਦਿਨਾਂ ਤੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੁੱਧ ਮੋਰਚਾ ਕਰ ਰਹੇ ਸੀ। ਜਦੋਂ 4 ਦਿਨਾਂ ਦੇ ਮੋਰਚੇ ਤੋਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ 51 ਮੈਂਬਰੀ ਜਥੇ ਦੇ ਨਾਲ ਸੈਂਟਰਲ ਜੇਲ੍ਹ ਵਿੱਚ ਗ੍ਰਿਫ਼ਤਾਰੀ ਦੇਣ ਲਈ ਪਹੁੰਚੇ ਹਨ।
ਜੇਲ੍ਹ ਭਰੋ ਅੰਦੋਲਨ: ਸਬ ਜੇਲ੍ਹ ਪੱਟੀ ਅੱਗੇ ਕਿਸਾਨ ਜਥੇਬੰਦੀਆਂ ਗ੍ਰਿਫ਼ਤਾਰੀਆਂ ਦੇਣ ਪਹੁੰਚੀਆਂ - ਪੱਟੀ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਸੂਬੇ ਭਰ ਵਿੱਚ ਕਿਸਾਨਾਂ ਦਾ ਪਿਛਲੇ 4 ਦਿਨਾਂ ਤੋਂ 'ਜੇਲ੍ਹ ਭਰੋ' ਅੰਦੋਲਨ ਚੱਲ ਰਿਹਾ ਹੈ। ਇਸ ਤਹਿਤ ਕਿਸਾਨ ਜਥੇਬੰਦੀਆਂ ਪੱਟੀ ਦੀ ਸਬ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੀਆਂ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਉਨ੍ਹਾਂ ਦੀ ਗੱਲ 'ਤੇ ਗੌਰ ਨਹੀਂ ਕਰੇਗੀ ਤਾਂ ਉਹ 14 ਅਤੇ 15 ਸੰਤਬਰ ਨੂੰ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਨੇ ਅਕਾਲੀ-ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਪੂਰੀ ਤਰ੍ਹਾਂ ਵਿੱਕ ਚੁੱਕੀ ਹੈ ਤੇ ਇਹ ਬੇਜ਼ਿੱਦ ਹੈ। ਉਨ੍ਹਾਂ ਨੇ ਅਕਾਲੀ ਤੇ ਭਾਜਪਾ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਬੇਸ਼ੱਕ ਅਕਾਲੀ ਤੇ ਭਾਜਪਾ ਆਰਡੀਨੈਂਸ ਪਾਸ ਕਰ ਲੈਣ ਪਰ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ।
ਸਭਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਹੈ ਪਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਇਸ ਦਾ ਬਿਲੁਕਲ ਵੀ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਤਾਂ ਕੀਤਾ ਹੈ ਪਰ ਉਨ੍ਹਾਂ ਨੇ ਕੇਂਦਰ ਵਿੱਚ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਦਬਾਅ ਨਹੀਂ ਬਣਾਇਆ।