ਤਰਨਤਾਰਨ: ਸਰਹੱਦੀ ਜ਼ਿਲ੍ਹਾ ਤਰਨਤਾਰਨ ਦੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕਟਾਈ ਤੋਂ ਲੈ ਕੇ ਵੇਚਣ ਤੱਕ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਸਰਹੱਦੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੀਡੀਓ ਕਾਨਫ਼ਰੰਸ ਰਾਹੀਂ ਡਿਪਟੀ ਕਮਿਸ਼ਨਰ ਕੋਲੋ ਜਾਣਕਾਰੀ ਲੈਂਦੇ ਹਨ, ਤਾਂ ਡੀਸੀ ਸਾਹਿਬ ਕਹਿ ਦਿੰਦੇ ਹਨ ਕਿ ਸਭ ਠੀਕ ਹੈ ਪਰ ਉਨ੍ਹਾਂ ਨੂੰ ਜ਼ਮੀਨੀ ਪੱਧਰ ਉੱਤੇ ਆ ਕੇ ਸਭ ਵੇਖਣ ਦੀ ਲੋੜ ਹੈ।
ਉੱਥੇ ਹੀ ਸਰਹੱਦੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆ ਦੇ ਕਿਸਾਨ ਇੰਟਰਨੈਸ਼ਨਲ ਬਾਰਡਰ ਤੋਂ ਪਾਰ ਆਪਣੀ ਜ਼ਮੀਨ ਕਿਸ ਤਰ੍ਹਾਂ ਸਾਂਭਦੇ ਹਨ, ਉਹੀ ਜਾਣਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਾਨੂੰ ਕਣਕ ਕਟਾਈ ਲਈ ਪੂਰਾ ਸਮਾਂ ਦੇਵੇ ਤੇ ਸਮੇਂ ਸਿਰ ਕਣਕ ਦੀ ਖ਼ਰੀਦ ਕਰੇ, ਤਾਂ ਜੋ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝਲ ਰਿਹਾ ਹੈ, ਉਸ ਨੂੰ ਹੋਰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਸਮੇਂ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੀ ਖੜ੍ਹੀ ਫਸਲ ਉੱਤੇ ਕੰਢਿਆਲੀ ਤਾਰ ਤੋਂ ਕੋਈ ਚੰਗਿਆੜੀ ਨਾ ਡਿਗੇ ਜਿਸ ਕਰਕੇ ਉਨ੍ਹਾਂ ਦਾ ਨੁਕਸਾਨ ਹੋਵੇ। ਉਨ੍ਹਾਂ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਹੱਦ ਖੇਤਰ ਵਿੱਚ ਇਸ ਮੁਸੀਬਤ ਤੋਂ ਨਜਿੱਠਣ ਲਈ ਦਮਕਲ ਗੱਡੀਆਂ ਦਾ ਪ੍ਰਬੰਧ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।
ਜਦਕਿ, ਇਸ ਬਾਰੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਅਤੇ ਅੰਤਰਰਾਸ਼ਟਰੀ ਬਾਰਡਰ ‘ਤੇ ਤਾਰੋਂ ਪਾਰ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਕਟਾਈ ਅਤੇ ਖਰੀਦ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਉਨ੍ਹਾਂ ਨੇ ਬੀਐਸਐਫ ਦੀ 14ਵੀਂ ਬਟਾਲੀਅਨ ਖੇਮਕਰਨ ਤੇ 71ਵੀਂ ਬਟਾਲੀਅਨ ਭਿੱਖੀਵਿੰਡ ਵਿਖੇ ਬਾਰਡਰ ਸਕਿਊਰਿਟੀ ਫੋਰਸ ਦੇ ਅਧਿਕਾਰੀਆਂ, ਆੜ੍ਹਤੀਆਂ ਐਸ਼ੋਸੀਏਸ਼ਨ ਨੇ ਨੁਮਾਇੰਦਿਆਂ ਅਤੇ ਸਬੰਧਤ ਮਾਰਕਿਟ ਕਮੇਟੀਆਂ ਦੇ ਚੇਅਰਮੈਨਾਂ ਨਾਲ ਵਿਸ਼ੇਸ ਮੀਟਿੰਗ ਕੀਤੀ।