ਤਰਨਤਾਰਨ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਤਹਿਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਥਾਨਕ ਅੰਮ੍ਰਿਤਸਰ-ਬਠਿੰਡਾ ਕੌਮੀ ਹਾਈਵੇ 'ਤੇ ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਟੋਲ ਪਲਾਜ਼ਾ 'ਤੇ ਵੀ ਕਿਸਾਨਾਂ ਵੱਲੋਂ ਕਿਸਾਨ ਯੂਥ ਯੂਨੀਅਨ ਦੀ ਅਗਵਾਈ ਹੇਠ ਲਗਾਤਾਰ ਪਿਛਲੇ 9 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰਦਿਆਂ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ 'ਤੇ ਬੈਠੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਤਰਨਤਾਰਨ ਦੇ ਅੰਮ੍ਰਿਤਸਰ-ਬਠਿੰਡਾ ਕੌਮੀ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਜਾਰੀ
ਤਰਨਤਾਰਨ ਦੇ ਅੰਮ੍ਰਿਤਸਰ-ਬਠਿੰਡਾ ਕੌਮੀ ਹਾਈਵੇਅ ਦੇ ਟੌਲ ਪਲਾਜ਼ਾ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ 9 ਦਿਨਾਂ ਤੋਂ ਧਰਨਾ ਜਾਰੀ ਹੈ।
ਇਸ ਮੌਕੇ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਰਮਿੰਦਰ ਸਿੰਘ ਉਸਮਾ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੋਕ ਮਾਰੂ ਦੱਸਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਕਾਨੂੰਨ ਵਿੱਚ ਕਿਹਾ ਹੈ ਕਿ ਪੈਨ ਕਾਰਡ ਵਿਖਾ ਕੇ ਕੋਈ ਵੀ ਫ਼ਸਲ ਖਰੀਦ ਸਕਦਾ ਹੈ ਪਰ ਸਾਡੀ ਮੰਗ ਹੈ ਜਿਸ ਕਿਸੇ ਨੇ ਵੀ ਸਾਡੀ ਫ਼ਸਲ ਦੀ ਖਰੀਦ ਕਰਨੀ ਹੈ ਉਸ ਦੀ ਰਜਿਸਟ੍ਰੇਸ਼ਨ ਦੇ ਨਾਲ-ਨਾਲ ਲਾਈਸੰਸ ਵੀ ਜ਼ਰੂਰੀ ਹੋਣ, ਕੰਪਨੀ ਦੇ ਮਾਲਿਕ ਦੀ ਜਾਇਦਾਦ ਦੀ ਗਾਰੰਟੀ ਵੀ ਹੋਵੇ ਤਾਂ ਜੋ ਕਿਸੇ ਪ੍ਰਕਾਰ ਦੀ ਹੇਰਾਫੇਰੀ ਹੁੰਦੀ ਹੈ ਤਾਂ ਉਨ੍ਹਾਂ ਤੋਂ ਰਿਕਵਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੈਨ ਕਾਰਡ ਨਾਲ ਤਾਂ ਕੋਈ ਵੀ ਫ਼ਸਲ ਖਰੀਦ ਕੇ ਚਿੱਟ ਫੰਡ ਕੰਪਨੀਆਂ ਵਾਂਗ ਭੱਜ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਹ ਕੰਪਨੀਆਂ ਦੇ ਵਿਰੋਧੀ ਨਹੀਂ, ਕੰਪਨੀਆਂ ਆਉਣ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਪੰਜਾਬ ਦਾ ਉਤਪਾਦ ਖਰੀਦ ਕਰਕੇ ਪੰਜਾਬ ਵਿੱਚ ਬਣਾਇਆ ਜਾਵੇ ਅਤੇ ਪੰਜਾਬ ਵਿੱਚ ਹੀ ਵੇਚਿਆ ਜਾਵੇ। ਇਸ ਦੇ ਨਾਲ ਫ਼ਸਲ ਦਾ ਸਮਰਥਨ ਮੁੱਲ ਦੇਣਾ ਵੀ ਜਾਰੀ ਰੱਖਿਆ ਜਾਵੇ।