ਸੱਪ ਲੜਨ ਨਾਲ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ। ਤਰਨਤਾਰਨ :ਕਸਬਾ ਕਲਸੀਆਂ ਕਲਾਂ ਵਿੱਚ ਇਕ ਕਿਸਾਨ ਦੀ ਸੱਪ ਲੜਨ ਨਾਲ ਮੌਤ ਹੋ ਗਈ ਹੈ। ਕਿਸਾਨ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਦੇ ਲੜਕੇ ਦਿਲਪ੍ਰੀਤ ਸਿੰਘ ਅਤੇ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਤਰਸੇਮ ਸਿੰਘ ਘਰ ਦੇ ਨਾਲ ਖੇਤਾਂ ਵਿੱਚ ਬੀਜੀ ਹੋਈ ਸਬਜ਼ੀ ਨੂੰ ਲੈ ਕੇ ਕੋਈ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸਦੇ ਸੱਪ ਲੜ ਗਿਆ ਅਤੇ ਉਸਦੀ ਮੌਤ ਹੋ ਗਈ।
ਗਰੀਬ ਪਰਿਵਾਰ ਨਾਲ ਸਬੰਧ :ਕਿਸਾਨ ਦੇ ਪਰਿਵਾਰ ਨੇ ਦੱਸਿਆ ਕਿ ਤਰਸੇਮ ਸਿੰਘ ਨੂੰ ਹਸਪਤਾਲ ਇਲਾਜ ਲਈ ਜਦੋਂ ਲੈ ਕੇ ਗਏ ਤਾਂ ਉਸਦੀ ਮੌਤ ਹੋ ਗਈ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਕਲਸੀਆਂ ਨੇ ਕਿਹਾ ਕਿ ਕਿਸਾਨ ਤਰਸੇਮ ਸਿੰਘ ਬੇਹੱਦ ਗਰੀਬ ਕਿਸਾਨ ਸੀ ਅਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੁੰਦਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਸੱਪ ਲੜੇ ਤਾਂ ਇਹ ਵਰਤੋ ਸਾਵਧਾਨੀ :ਇਹ ਯਾਦ ਰਹੇ ਕਿ ਪੰਜਾਬ ਦੇ ਵਿੱਚ ਸੱਪਾਂ ਦੀਆਂ ਕਈ ਕਿਸਮਾਂ ਹਨ। ਪੰਜਾਬ ਦੇ ਵਿੱਚ ਪਾਏ ਜਾਣ ਵਾਲੇ ਸੱਪਾਂ ਵਿੱਚੋਂ ਕਿੰਨੇ ਸੱਪ ਜ਼ਹਿਰੀਲੇ ਹਨ ਅਤੇ ਜੇਕਰ ਕਿਸੇ ਨੂੰ ਸੱਪ ਲੜ ਜਾਵੇ ਤਾਂ ਇਸ ਤੋਂ ਕਿਵੇਂ ਬਚਾਅ ਕਰਨਾ ਹੈ, ਇਸਦੀ ਜਾਣਕਾਰੀ ਹੋਣਾ ਵੀ ਜਰੂਰੀ ਹੈ। ਦਰਅਸਲ ਪੰਜਾਬ ਵਿੱਚ ਸੱਪਾਂ ਦੀਆਂ ਕੁਲ 275 ਕਿਸਮਾਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਸਿਰਫ 4 ਸੱਪਾਂ ਦੀਆਂ ਕਿਸਮਾਂ ਜ਼ਿਆਦਾ ਜਹਿਰੀਲੀਆਂ ਹਨ।
ਬਿਨਾਂ ਦੇਰੀ ਡਾਕਟਰ ਕੋਲ ਜਾਵੋ : ਸੱਪ ਲੜ ਜਾਵੇ ਤਾਂ ਜਲਦ ਡਾਕਟਰ ਨਾਲ ਸੰਪਰਕ ਕਰਨ ਨਾਲ ਚਾਹੀਦਾ ਹੈ। ਜ਼ਹਿਰੀਲਾ ਸੱਪ ਲੜਨ ਤੋਂ ਬਾਅਦ ਮਰੀਜ਼ ਕੋਲ ਅੱਧੇ ਘੰਟੇ ਦਾ ਸਮਾਂ ਹੁੰਦਾ ਹੈ, ਜਿਸਦੇ ਰਾਹੀਂ ਡਾਕਟਰ ਇਹ ਪਤਾ ਕਰ ਸਕਦਾ ਹੈ ਕਿ ਕਿਹੜੇ ਸੱਪ ਦੀ ਕਿਸਮ ਦਾ ਇੰਜੈਕਸ਼ਨ ਮਰੀਜ਼ ਨੂੰ ਦੇਣਾ ਹੈ। ਕਿਸੇ ਟੋਟਕੇ ਵਿੱਚ ਨਹੀਂ ਪੈਣਾ ਚਾਹੀਦਾ।