ਤਰਨਤਾਰਨ : ਤਰਨਤਾਰਨ ਨੇੜਲੇ ਪਿੰਡ ਘਰਿਆਲਾ ਵਿੱਚ ਜ਼ਹਿਰੀਲੀ ਚੀਜ਼ ਖਾਣ ਨਾਲ ਦੁਧਾਰੂ ਪਸ਼ੂਆਂ ਦੀ ਦਰਦਨਾਕ ਮੌਤ ਹੋ ਗਈ। ਜਿਸ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਰਿਆਲਾ ਵਿੱਚ ਪਸ਼ੂਆਂ ਦੇ ਚਾਰੇ ਵਿੱਚ ਜ਼ਹਿਰੀਲਾ ਪਦਾਰਥ ਮਿਲ ਗਿਆ, ਜਿਸ ਕਾਰਨ ਗਰੀਬ ਕਿਸਾਨ ਦੇ 6 ਦੁਧਾਰੂ ਪਸ਼ੂਆਂ ਦੀ ਤੜਫ-ਤੜਫ ਕੇ ਮੌਤ ਹੋ ਗਈ। ਦਰਦਨਾਕ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਆਇਆ ਸੀ ਅਤੇ ਫਿਰ ਘਰ ਚਲਾ ਗਿਆ ਸੀ। ਪਰ ਕੁਝ ਸਮੇਂ ਬਾਅਦ ਜਦੋਂ ਉਸ ਨੇ ਆ ਕੇ ਦੇਖਿਆ ਕਿ ਉਸ ਦੇ ਦੁਧਾਰੂ ਪਸ਼ੂ ਤੜਫ ਰਹੇ ਸਨ ਤਾਂ ਉਸ ਨੇ ਤੁਰੰਤ ਇਕ ਪਸ਼ੂਆਂ ਦੇ ਪ੍ਰਾਈਵੇਟ ਡਾਕਟਰ ਨੂੰ ਬੁਲਾ ਕੇ ਇਲਾਜ ਸ਼ੁਰੂ ਕਰਵਾਇਆ। ਇਸ ਦੌਰਾਨ ਪਸ਼ੂਆਂ ਨੂੰ ਟੀਕੇ ਲਗਾਏ ਗਏ। ਇੰਨਾ ਹੀ ਨਹੀਂ ਡਰਿੱਪ ਵੀ ਲਾਈਆਂ ਗਈਆਂ ਪਰ ਕੁਝ ਦੇਰ ਬਾਅਦ ਉਸ ਡਾਕਟਰ ਨੇ ਵੀ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਇਕ-ਇਕ ਕਰਕੇ ਉਸ ਦੇ ਦੁਧਾਰੂ ਪਸ਼ੂ ਤੜਫ-ਤੜਫ ਕੇ ਮਰਨ ਲੱਗੇ।
ਕਿਸਾਨ ਦਾ ਕਰਜ਼ਾ ਉਤਾਰਨ ਲਈ ਸੀ ਇਕ ਮਾਤਰ ਸਹਾਰਾ :ਭਾਵੁਕ ਹੋਏ ਕਿਸਾਨ ਨੇ ਦੱਸਿਆ ਕਿ ਉਸ ਦੇ ਸਰ ਪਹਿਲਾਂ ਹੀ ਕਾਫੀ ਕਰਜ਼ਾ ਸੀ ਅਤੇ ਇਹਨਾਂ ਪਸ਼ੂਆਂ ਦੇ ਸਹਾਰੇ ਹੀ ਘਰ ਚੱਲਦਾ ਸੀ ਅਤੇ ਹੌਲੀ ਹੌਲੀ ਕਰਜ਼ ਲਾਹਿਆ ਜਾ ਰਿਹਾ ਸੀ। ਪਰ ਹੁਣ ਉਹ ਬੇਬੱਸ ਹੋ ਗਿਆ ਹੈ। ਪੱਲੇ ਕੁਝ ਵੀ ਨਹੀਂ ਰਿਹਾ,ਪੀੜਤ ਗਰੀਬ ਕਿਸਾਨ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਗੁਜ਼ਾਰਾ ਇਨ੍ਹਾਂ ਪਸ਼ੂਆਂ 'ਤੇ ਨਿਰਭਰ ਕਰਦਾ ਸੀ, ਕਿਉਂਕਿ ਉਹ ਦੁੱਧ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ ਅਤੇ ਕਰਜ਼ੇ ਤੋਂ ਬਚ ਸਕਦੇ ਸਨ।