ਤਰਨਤਾਰਨ:ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਵਿੱਚ ਹੁਣ ਹਰ ਸਾਲ ਭਰਤੀ ਕੀਤੀ ਜਾਵੇਗੀ। ਇਸ ਲਈ ਲੱਗਭੱਗ 1000 ਤੋਂ 1200 ਪੋਸਟਾਂ ਹਰੇਕ ਸਾਲ ਭਰੀਆਂ ਜਾਣਗੀਆਂ। ਇਹ ਪ੍ਰਗਟਾਵਾ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ ਨੇ ਅੱਜ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਲਟੀਪਰਪਜ਼ ਹਾਲ ਅਤੇ ਪੁਲਿਸ ਕੰਟੀਨ ਦਾ ਉਦਘਾਟਨ ਕਰਨ ਮੌਕੇ ਕੀਤਾ।
10,000 ਪੁਲਿਸ ਕਰਮਚਾਰੀਆਂ ਦੀ ਭਰਤੀ:ਇਸ ਦੌਰਾਨ ਉਹਨਾਂ ਵੱਲੋਂ ਪੁਲਿਸ ਫੋਰਸ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਗੌਰਵ ਯਾਦਵ ਨੇ ਕਿ ਪੰਜਾਬ ਪੁਲਿਸ ਵਿੱਚ ਹੁਣ 10,000 ਪੁਲਿਸ ਕਰਮਚਾਰੀਆਂ ਦੀ ਭਰਤੀ ਮੁਕੰਮਲ ਹੋ ਜਾਵੇਗੀ। ਜਿਸ ਨਾਲ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਕਮੀ ਪੂਰੀ ਹੋਵੇਗੀ। ਇਸ ਮੌਕੇ ਉਹਨਾਂ ਰਾਜ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਰੋਜ਼ਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਨਸ਼ੇ ਵਰਗੀਆਂ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ।
ਪੰਜਾਬ ’ਚੋਂ ਨਸ਼ੇ ਤੇ ਗੈਂਗਸਟਰਾਂ ਦਾ ਕੀਤਾ ਜਾਵੇਗਾ ਖ਼ਾਤਮਾ ਵਿਦੇਸ਼ਾਂ ਵਿੱਚਬੈਠੈ ਗੈਂਗਸਟਰਾਂ ਨੂੰ ਲਿਆਉਣ ਲਈ ਇੰਟਰਪੋਲ ਨਾਲ ਤਾਲਮੇਲ:ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਰਾਜ ਵਿੱਚੋਂ ਨਸ਼ਿਆ ਅਤੇ ਗੈਂਗਸਟਰਾਂ ਦੇ ਮੁਕੰਮਲ ਖਾਤਮੇ ਲਈ ਦਿ੍ਰੜ ਸੰਕਲਪ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੈ ਗੈਂਗਸਟਰਾਂ ਨੂੰ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਓਪਨ ਕੀਤੇ ਗਏ ਹਨ ਅਤੇ ਕੇਂਦਰ ਸਰਕਾਰ ਅਤੇ ਇੰਟਰਪੋਲ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਲਿਆਂਦਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਜੋ ਨੌਜਵਾਨ ਗੁੰਮਰਾਹ ਹੋ ਕੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਗਏ ਹਨ, ਪਰ ਸਿੱਧੇ ਤੌਰ ‘ਤੇ ਉਹਨਾਂ ਦੇ ਕੋਈ ਕਰਾਈਮ ਨਹੀਂ ਕੀਤਾ ਹੈ, ਉਹਨਾਂ ਨੂੰ ਪ੍ਰੇਰਿਤ ਕਰਕੇ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ।
ਨਸ਼ਿਆ ਤੇ ਹਥਿਆਰਾਂ ‘ਤੇ ਸਖ਼ਤ ਨਜ਼ਰ:ਸ੍ਰੀ ਯਾਦਵ ਨੇ ਕਿਹਾ ਕਿ ਦੂਜੇ ਰਾਜਾਂ ਵਿੱਚੋਂ ਆਉਣ ਵਾਲੇ ਨਜਾਇਜ਼ ਹਥਿਆਰਾਂ ਦੀ ਸਮੱਸਿਆ ਨੂੰ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੰਨ ਹਾਊਸਜ਼ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਾਰੀ ਕੀਤੇ ਗਏ ਅਸਲਾ ਲਾਇਸੰਸਾਂ ਦੀ ਤਿੰਨ ਮਹੀਨੇ ਦੇ ਅੰਦਰ ਮੁੜ ਵੈਰੀਫਿਕੇਸ਼ਨ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਬਾਰਡਰ ਸਕਿਊਰਿਟੀ ਫੋਰਸ ਨਾਲ ਤਾਲਮੇਲ ਕਰਕੇ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ਿਆ ਤੇ ਹਥਿਆਰਾਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਨਾਕੇ ਵੀ ਵਧਾਏ ਗਏ ਹਨ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਸ਼ੋਸਲ ਮੀਡੀਆ ਰਾਹੀਂ ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਸੰਵਿਧਾਨਕ ਅਧਿਕਾਰ ਹੈ ਪ੍ਰੰਤੂ ਸ਼ੋਸਲ ਮੀਡੀਆ ਦੀ ਦੁਰਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:-ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ 'ਏਅਰ ਸੁਵਿਧਾ' ਫਾਰਮ ਭਰਨ ਦੀ ਜ਼ਰੂਰਤ ਨੂੰ ਕੀਤਾ ਸਮਾਪਤ