ਤਰਨ ਤਾਰਨ: ਨਗਰ ਕੀਰਤਨ ਦੌਰਾਨ ਹੋਏ ਹਾਦਸੇ ਵਿੱਚ ਮਾਰੇ ਗਏ ਦੋ ਬੱਚਿਆਂ ਤੋਂ ਬਾਅਦ ਸੋਮਵਾਰ ਨੂੰ ਪਿੰਡ ਪਹੂਵਿੰਡ ਦੇ ਸ਼ਮਸ਼ਾਨ ਘਾਟ 'ਚ ਤੀਜੇ ਬੱਚੇ ਗੁਰਕੀਰਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਪਸਰਿਆ ਹੋਇਆ ਹੈ।
ਇਸ ਦੁੱਖ ਦੀ ਘੜੀ ਵਿੱਚ ਪਹੁੰਚੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਆਤਿਸ਼ਬਾਜ਼ੀ 'ਤੇ ਰੋਕ ਲਾਉਣ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਗੱਲਬਾਤ ਦੌਰਾਨ ਮਾਰਕੀਟ ਕਮੇਟੀ ਭਿੱਖੀਵਿੰਡ ਚੇਅਰਮੈਨ ਰਾਜਵੰਤ ਸਿੰਘ ਪਹੂਵਿੰਡ ਨੇ ਦੱਸਿਆ ਕਿ ਗੁਰਕੀਰਤ ਦੇ ਪਿਤਾ ਸੁਖਦੇਵ ਸਿੰਘ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਲਕਵਾ ਹੋ ਚੁੱਕਾ ਹੈ ਤੇ ਉਹ ਕੋਈ ਕੰਮ ਨਹੀਂ ਕਰ ਸਕਦਾ।
ਗੁਰਕੀਰਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨਗਰ ਕੀਰਤਨ ਦੌਰਾਨ ਹੋਏ ਬਲਾਸਟ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਇਨ੍ਹਾਂ ਜ਼ਬਰਦਸਤ ਹੋਇਆ ਕਿ ਕਈ ਚਿਰ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕੀ ਹੋਇਆ ਹੈ? ਜਦ ਪਤਾ ਚੱਲਿਆ ਤਾਂ ਦੇਖਿਆ ਕਿ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਅਤੇ ਨੌਜਵਾਨਾਂ ਦੇ ਚੀਥੜੇ ਉੱਡ ਗਏ। ਹਾਦਸੇ 'ਚ ਦੋ ਬੱਚਿਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 11 ਦੇ ਕਰੀਬ ਗੰਭੀਰ ਜ਼ਖ਼ਮੀ ਹੋ ਗਏ ਸਨ।
ਦੱਸਣਯੋਗ ਹੈ ਕਿ 8 ਫਰਵਰੀ ਨੂੰ ਤਰਨ ਤਾਰਨ ਦੇ ਪਿੰਡ ਡਾਲੇਕੇ ਨੇੜੇ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ ਵਾਪਰਿਆ ਸੀ। ਪਿੰਡ ਪਹੁਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੂੰ ਜਾ ਰਹੇ ਨਗਰ ਕੀਰਤਨ 'ਚ ਪਿੰਡ ਡਾਲੇਕੇ ਨੇੜੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ ਸੀ। ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ 2 ਬੱਚਿਆਂ ਦੀ ਮੌਤ ਤੇ ਕਈ ਜ਼ਖ਼ਮੀ ਹੋਏ ਸਨ। ਇਸ ਤੋਂ ਬਾਅਦ ਹਸਪਤਾਲ ਚ ਦਾਖਲ ਗੁਰਕੀਰਤ ਸਿੰਘ ਨੇ ਵੀ ਐਤਵਾਰ ਨੂੰ ਦਮ ਤੋੜ ਦਿੱਤਾ ਸੀ।