ਪੁਰਾਣੀਆਂ ਇੱਟਾਂ ਵਾਲੀ ਚਾਰ ਦੀਵਾਰੀ ਦਾ ਆੜ੍ਹਤੀਆਂ ਵੱਲੋਂ ਵਿਰੋਧ
ਦਾਣਾ ਮੰਡੀ ਦੀ ਚਾਰ ਦੀਵਾਰੀ ਦੇ ਨਿਰਮਾਣ ਲਈ ਪੁਰਾਣੀਆਂ ਅਤੇ ਪਿੱਲੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਆੜ੍ਹਤੀਆਂ ਨੇ ਇਸ ਦਾ ਵਿਰੋਧ ਕੀਤਾ ਹੈ।
ਤਰਨ ਤਾਰਨ: ਹਾਲ ਹੀ 'ਚ ਖਡੂਰ ਸਾਹਿਬ ਦੀ ਕਰੀਬ 25 ਏਕੜ ਦਾਣਾ ਮੰਡੀ ਦੀ ਚਾਰ ਦੀਵਾਰੀ ਦਾ ਕੰਮ ਸ਼ੁਰੂ ਹੋਇਆ ਸੀ ਪਰ ਆੜ੍ਹਤੀਆਂ ਵੱਲੋਂ ਇਸ ਕੰਮ ਦਾ ਵਿਰੋਧ ਕੀਤਾ ਗਿਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਦਾਣਾ ਮੰਡੀ ਦੀ ਚਾਰ ਦੀਵਾਰੀ ਢਹਿ ਜਾਣ ਕਾਰਨ ਮਾਰਕੀਟ ਕਮੇਟੀ ਵੱਲੋਂ ਪ੍ਰਮਾਣਤ ਠੇਕੇਦਾਰ ਨੂੰ ਚਾਰ ਦੀਵਾਰੀ ਦਾ ਠੇਕਾ ਦਿੱਤਾ ਗਿਆ ਸੀ ਪਰ ਠੇਕੇਦਾਰ ਵੱਲੋਂ ਚਾਰ ਦੀਵਾਰੀ ਦੇ ਨਿਰਮਾਣ ਲਈ ਪੁਰਾਣੀਆਂ ਅਤੇ ਪਿੱਲੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿੱਲੀਆਂ ਇੱਟਾਂ ਦਾ ਰਾਜ਼ ਸਾਹਮਣੇ ਨਾ ਆ ਸਕੇ, ਇਸ ਲਈ ਠੇਕੇਦਾਰ ਵੱਲੋਂ ਬੜੀ ਤੇਜ਼ੀ ਨਾਲ ਪਲੱਸਤਰ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਈਟੀਵੀ ਭਾਰਤ ਦੀ ਟੀਮ ਨੇ ਨਿਰਮਾਣ ਅਧੀਨ ਚਾਰ ਦੀਵਾਰੀ ਦੀਆਂ ਤਸਵੀਰਾਂ ਕੈਮਰੇ ਚ ਕੈਦ ਕਰਕੇ ਭ੍ਰਿਸ਼ਟਾਚਾਰ ਦੀ ਪੋਲ ਖੋਲ ਦਿੱਤੀ।
ਜਦ ਟੀਮ ਨੇ ਇਸ ਸਬੰਧੀ ਪੁੱਛਿਆ ਤਾਂ ਠੇਕੇਦਾਰ ਜਵਾਬ ਦੇਣ ਦੀ ਥਾਂ ਟਾਲ-ਮਟੋਲ ਕਰਨ ਲੱਗ ਪਿਆ, ਬਾਅਦ ਵਿੱਚ ਉਸਨੇ ਕਿਹਾ ਕਿ ਪੁਰਾਣੀਆਂ ਇੱਟਾਂ ਲਗਾਉਣ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਦੱਸਿਆ ਹੋਇਆ ਹੈ। ਜਦਕਿ ਕਮੇਟੀ ਨੇ ਕੈਮਰੇ ਸਾਹਮਣੇ ਦੱਸਿਆ ਕਿ ਪੁਰਾਣੀਆਂ ਅਤੇ ਪਿੱਲੀਆਂ ਇੱਟਾਂ ਲਗਾਏ ਜਾਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਨੂੰ ਪੁਰਾਣੀਆਂ ਤੇ ਪਿੱਲੀਆਂ ਇੱਟਾਂ ਲਗਾਉਣ ਤੋਂ ਰੋਕ ਦਿੱਤਾ ਗਿਆ ਹੈ।