ਸ਼ਹੀਦ ਫੌਜੀ ਗੁਰਮੋਹਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ ਤਰਨਤਾਰਨ: ਪਿਛਲੇ ਸਾਲ ਸਿੱਕਮ ਦੇ ਬਾਰਡਰ ਤੇ ਚੀਨੀ ਫੌਜੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਸ਼ਹੀਦ ਫੌਜੀ ਗੁਰਮੋਹਨ ਸਿੰਘ ਜ਼ਖਮੀ ਹੋ ਗਿਆ ਸੀ। ਜਿਸ ਦੀ ਦਿੱਲੀ ਦੇ ਆਰ.ਆਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਸ਼ਹੀਦ ਫੌਜੀ ਗੁਰਮੋਹਨ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਲਖਣਾ ਤਪਾ ਲਿਆਂਦੀ ਗਈ। ਜਿਸ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਚੀਨੀ ਫੌਜੀਆਂ ਨਾਲ ਹੋਈ ਝੜਪ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸ਼ਹੀਦ ਫੌਜੀ ਗੁਰਮੋਹਨ ਸਿੰਘ ਜੋ ਕਿ 2014 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਪਿਛਲੇ ਸਾਲ ਸਿੱਕਮ ਦੇ ਬਾਰਡਰ ਤੇ ਚੀਨੀ ਫੌਜੀਆਂ ਨਾਲ ਹੋਈ ਝੜਪ ਦੌਰਾਨ ਉਸਦੀ ਬਾਂਹ ਉੱਤੇ ਸੱਟ ਲੱਗ ਗਈ। ਜਿਸ ਤੋਂ ਬਾਅਦ ਫੌਜੀ ਗੁਰਮੋਹਨ ਸਿੰਘ ਦਾ ਇਲਾਜ ਜੰਮੂ ਦੇ ਸਤਵਾਰੀ ਹਸਪਤਾਲ ਵਿਚ ਚੱਲ ਰਿਹਾ ਸੀ। ਉਸ ਤੋਂ ਬਾਅਦ ਫੌਜੀ ਗੁਰਮੋਹਨ ਸਿੰਘ ਨੂੰ ਊਧਮ ਸਿੰਘ ਨਗਰ ਭੇਜ ਦਿੱਤਾ, ਜਿੱਥੇ ਉਸਨੂੰ ਕੈਂਸਰ ਹੋ ਗਿਆ ਸੀ।
ਫੌਜੀ ਗੁਰਮੋਹਨ ਸਿੰਘ ਦੀ ਇਲਾਜ ਦੌਰਾਨ ਮੌਤ:- ਉਸ ਦੇ ਬਾਅਦ ਸ਼ਹੀਦ ਫੌਜੀ ਗੁਰਮੋਹਨ ਸਿੰਘ ਦਾ ਇਲਾਜ ਆਰ.ਆਰ ਹਸਪਤਾਲ ਦਿੱਲੀ ਵਿੱਚ ਚੱਲ ਰਿਹਾ ਸੀ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ਹੀਦ ਗੁਰਮੋਹਨ ਸਿੰਘ ਆਪਣੇ ਪਰਿਵਾਰ ਵਿਚ ਆਪਣੇ ਮਾਤਾ-ਪਿਤਾ ਭਰਾ ਅਤੇ ਇਕ ਭੈਣ ਨੂੰ ਛੱਡ ਗਿਆ ਹੈ। ਫੌਜ ਦੇ ਜਵਾਨਾਂ ਵੱਲੋਂ ਅੱਜ ਬੁੱਧਵਾਰ ਨੂੰ ਸ਼ਹੀਦ ਫੌਜੀ ਗੁਰਮੋਹਨ ਸਿੰਘ ਦੀ ਮਿਰਤਕ ਦੇਹ ਨੂੰ ਆਰਮੀ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ। ਇਸ ਮੌਕੇ 'ਭਾਰਤ ਮਾਤਾ ਦੀ ਜੈ' ਅਤੇ 'ਬੋਲੇ ਸੋ ਨਿਹਾਲ ਦੇ ਜੈਕਾਰੇ' ਵੀ ਲੱਗੇ।
ਪਰਿਵਾਰ ਵੱਲੋਂ ਸਰਕਾਰ ਅੱਗੇ ਮੰਗਾਂ:-ਇਸ ਮੌਕੇ ਸ਼ਹੀਦ ਫੌਜੀ ਗੁਰਮੋਹਨ ਸਿੰਘ ਦੇ ਪਰਿਵਾਰ ਵੱਲੋਂ ਮਾਲੀ ਸਹਾਇਤਾ ਨੇ ਨਾਲ-ਨਾਲ ਪਿੰਡ ਯਾਦਗਾਰ ਬਣਾਉਣ ਅਤੇ ਪਿੰਡ ਦੇ ਸਕੂਲ ਦਾ ਫੌਜੀ ਗੁਰਮੋਹਨ ਸਿੰਘ ਦੇ ਨਾਮ ਉੱਤੇ ਰੱਖਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ। ਇਸ ਦੌਰਾਨ ਹੀ ਸਸਕਾਰ ਮੌਕੇ ਹਲਕਾ ਵਿਧਾਇਕ ਜਾਂ ਕੋਈ ਸਰਕਾਰੀ ਅਧਿਕਾਰੀ ਸ਼ਾਮਿਲ ਨਾ ਹੋਣ ਉੱਤੇ ਪਰਿਵਾਰ ਨੇ ਰੋਸ ਜਤਾਇਆ। ਉਨਾਂ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੀ ਸਰਕਾਰ ਸ਼ਹੀਦਾਂ ਬਾਰੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਸ਼ਹੀਦ ਹੋਏ ਜਵਾਨ ਦੇ ਸਸਕਾਰ ਮੌਕੇ ਵਿਧਾਇਕ ਜਾਂ ਸਰਕਾਰੀ ਅਧਿਕਾਰੀ ਦਾ ਨਾਂ ਪੁੱਜਣਾ ਨਿਰਾਸ਼ ਕਰਦਾ ਹੈ।
ਸ਼ਹੀਦਗੁਰਮੋਹਨ ਸਿੰਘ ਦਾ ਨਵੰਬਰ ਵਿੱਚ ਸੀ ਵਿਆਹ:-ਇਸ ਦੌਰਾਨ ਹੀ ਸ਼ਹੀਦ ਗੁਰਮੋਹਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਉਸ ਦੀ ਮੰਗੇਤਰ ਪਰਮਜੀਤ ਕੌਰ ਵੀ ਪੁੱਜੀ। ਜਿਸ ਨੇ ਦੱਸਿਆ ਕਿ ਉਨ੍ਹਾਂ ਦੀ ਮੰਗਣੀ ਡੇਢ ਸਾਲ ਪਹਿਲਾਂ ਹੋਈ ਸੀ ਅਤੇ ਗੁਰਮੋਹਨ ਸਿੰਘ ਦੇ ਠੀਕ ਨਾ ਹੋਣ ਕਰਕੇ ਉਨ੍ਹਾਂ ਦਾ ਵਿਆਹ ਇਸ ਸਾਲ ਨਵੰਬਰ ਵਿੱਚ ਹੋਣਾ ਤਹਿ ਹੋਇਆ ਸੀ। ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ।