ਤਰਨਤਾਰਨ: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸ਼ੁੱਕਰਵਾਰ ਨੂੰ ਫਿਰ ਕੈਦੀਆਂ ਵਿੱਚ ਝੜਪ ਹੋ ਗਈ। ਨਸ਼ੇ ਦੀ ਵੰਡ ਨੂੰ ਲੈ ਕੇ ਕੈਦੀਆਂ ਵਿੱਚ ਲੜਾਈ ਹੋ ਗਈ। ਇਸ ਵਿੱਚ ਇੱਕ ਕੈਦੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਬੰਦੀ ਨੂੰ ਸਿਵਲ ਹਸਪਤਾਲ ਤਰਨਤਾਰਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਅਰੁਣਦੀਪ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਲਵਿੰਦਰ, ਕੁਲਵਿੰਦਰ ਸਿੰਘ ਵਾਸੀ ਅਤੇ ਗੁਰਧਿਆਨ ਸਿੰਘ ਗੋਗਾ ਨੇ ਸਵੇਰੇ ਨਸ਼ਾ ਵੰਡਣ ਨੂੰ ਲੈਕੇ ਤਕਰਾਰ ਤੋਂ ਬਾਅਦ ਕੈਦੀ ਉੱਤੇ ਹਮਲਾ ਕੀਤਾ।
ਤਿੰਨ ਕੈਦੀਆਂ ਨੇ ਕੀਤਾ ਹਮਲਾ:ਲੜਾਈ ਦੌਰਾਨ ਤਿੰਨ ਕੈਦੀਆਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਅਰੁਣਦੀਪ ਸਿੰਘ ਦੇ ਸਿਰ ਉੱਤੇ ਗੰਭੀਰ ਸੱਟ ਵੱਜੀ । ਇਸ ਤੋਂ ਮਗਰੋਂ ਜ਼ਖ਼ਮੀ ਕੈਦੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ 26 ਫਰਵਰੀ ਨੂੰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਹੋਏ ਝੜਪ 'ਚ ਜੱਗੂ ਗੈਂਗ ਦੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਣਾ ਦੀ ਮੌਤ ਹੋ ਗਈ ਸੀ ਅਤੇ 3 ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ 16 ਮਾਰਚ ਨੂੰ ਜੇਲ 'ਚ ਨਸ਼ੇ ਦੀ ਵੰਡ ਨੂੰ ਲੈ ਕੇ ਕੈਦੀਆਂ ਅਤੇ ਬੰਦੀਆਂ 'ਚ ਝੜਪ ਹੋ ਗਈ ਸੀ, ਜਿਸ 'ਚ ਇਕ ਕੈਦੀ ਗੁਰਚਰਨ ਸਿੰਘ ਚੰਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਕੰਨ ਕੱਟ ਦਿੱਤਾ ਗਿਆ ਸੀ।