ਤਰਨਤਾਰਨ: ਪੱਟੀ ਦੇ ਪਿੰਡ ਤੱਖੂਚੱਕ ਵਿੱਚ ਇੱਕ ਕਨਾਲ ਜ਼ਮੀਨ ਨੂੰ ਲੈ ਕੇ ਦੋ ਧਿਰ ਆਪਸ ਵਿੱਚ ਭਿੜ ਗਏ। ਝਗੜੇ ਦੌਰਾਨ ਦੋਵਾਂ ਧਿਰਾਂ ਨੇ ਇੱਕ- ਦੂਜੇ 'ਤੇ ਇੱਟਾਂ-ਰੋੜੇ ਅਤੇ ਗੋਲੀਆਂ ਚਲਾਈਆਂ, ਜਿਸ ਨਾਲ ਇੱਕ ਧਿਰ ਦੇ 4 ਲੋਕ ਜ਼ਖ਼ਮੀ ਹੋ ਗਏ ਜੋ ਕੈਰੋਂ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਸ ਬਾਰੇ ਪਹਿਲੀ ਧਿਰ ਦੇ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਰਦੇਵ ਸਿੰਘ ਨਾਲ ਇੱਕ ਕਨਾਲ ਜ਼ਮੀਨ ਦਾ ਵਿਵਾਦ ਹੈ। ਪਿਛਲੇ ਸਾਲ ਪੰਚਾਇਤ ਵੱਲੋਂ ਜ਼ਮੀਨ ਦੀ ਮਿਣਤੀ ਕੀਤੀ ਗਈ ਸੀ ਤਾਂ ਗੁਰਦੇਵ ਸਿੰਘ ਕੋਲ ਇੱਕ ਕਨਾਲ ਜ਼ਮੀਨ ਵੱਧ ਸੀ, ਜਿਸ ਨੂੰ ਵਾਪਸ ਦੇਣ ਤੋਂ ਉਹ ਨਾਂਹ ਨੁੱਕਰ ਕਰ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਗੁਰਦੇਵ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੂਜੀ ਧਿਰ ਦੇ ਘਰ ਵਿੱਚ ਵੜ੍ਹ ਕੇ ਉਨ੍ਹਾਂ ਦੀ ਐਕਟਿਵਾ, ਏਸੀ, ਘਰ ਦੇ ਫਰਨੀਚਰ ਦੀ ਭੰਨ ਤੋੜ ਕੀਤੀ ਅਤੇ ਕਾਰ ਨੂੰ ਅੱਗ ਹਵਾਲੇ ਕਰ ਦਿੱਤਾ।
ਕੰਵਲਜੀਤ ਨੇ ਦੱਸਿਆ ਕਿ ਉਹ ਅਕਾਲੀ ਹਨ ਅਤੇ ਦੂਜੀ ਧਿਰ ਕਾਂਗਰਸੀ, ਜਿਸ ਕਰਕੇ ਪੁਲੀਸ ਪ੍ਰਸ਼ਾਸਨ ਨੇ ਸਿਆਸੀ ਦਬਾਅ ਦੇ ਹੇਠ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਦੇ ਹੋਏ ਮਾਮਲਾ ਦਰਜ ਕਰ ਲਿਆ ਹੈ।
ਉਧਰ, ਦੂਜੀ ਧਿਰ ਦੇ ਗੁਰਦੇਵ ਸਿੰਘ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਅਤੇ ਸਤਨਾਮ ਸਿੰਘ ਨੇ ਉਨ੍ਹਾਂ ਦੇ ਘਰ ਵਿੱਚ ਵੜ੍ਹ ਕੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੱਟਾਂ ਮਾਰੀਆਂ, ਜਿਸ ਕਰਕੇ ਉਹ ਖੁਦ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਅਤੇ ਭੈਣ ਨਰਿੰਦਰ ਕੌਰ ਅਤੇ ਇੱਕ ਸਾਲ ਦਾ ਬੱਚਾ ਮਨਕੀਰਤ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਤੋਂ ਬਾਅਦ ਪ੍ਰਭਦੀਪ ਸਿੰਘ ਅਤੇ ਸਤਨਾਮ ਸਿੰਘ ਗੋਲੀਆਂ ਚਲਾਉਂਦੇ ਫਰਾਰ ਹੋ ਗਏ ਹਨ।
ਪੁਲੀਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਜ਼ਮੀਨੀ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।