ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਤਰਨਤਾਰਨ:ਪੰਜਾਬ ਵਿੱਚ ਲੰਮੇ ਸਮੇਂ ਤੋਂ ਬੇਅਦਬੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਜੀ ਦੇ ਨਜ਼ਦੀਕ ਪੈਂਦੀ ਇੱਕ ਗਲੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਉਨ੍ਹਾਂ ਦੀ ਬੇਅਦਬੀ ਕਰਕੇ ਗਲੀ ਵਿੱਚ ਸੁੱਟਣ ਨਾਲ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ:-ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਖਾਲੜਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਰਣਜੀਤ ਸਿੰਘ ਵਕਤ ਕਰੀਬ 6 ਵਜੇ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਗਲੀ ਵਿੱਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਸ ਨੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਨਜ਼ਦੀਕ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਉਰਫ ਬਿੱਟੂ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਦਿਖਾਏ।
ਨਜ਼ਦੀਕੀ ਲੋਕਾਂ ਦੇ ਘਰਾਂ ਦੀ ਜਾਂਚ:-ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਮਾਮਲੇ ਦੀ ਜਾਣਕਾਰੀ ਖਾਲੜਾ ਪੁਲਿਸ ਨੂੰ ਜਿਸ ਤੋਂ ਬਾਅਦ ਮੌਕੇ ਉੱਤੇ ਥਾਣਾ ਖਾਲੜਾ ਦੇ ਐਸ.ਐਚ.ਓ ਬਲਵਿੰਦਰ ਸਿੰਘ ਪਹੁੰਚੇ ਅਤੇ ਉਨਾਂ ਨੇ ਪਹਿਲਾਂ ਜਿਸ ਗਲੀ ਵਿੱਚੋਂ ਗੁੜਕਾ ਸਾਹਿਬ ਜੀ ਦੇ ਫਟੇ ਹੋਏ ਅੰਗ ਮਿਲੇ ਸਨ, ਉਸ ਗਲੀ ਵਿੱਚ ਜਾ ਕੇ ਮੌਕਾ ਦੇਖਿਆ ਅਤੇ ਨਜ਼ਦੀਕੀ ਲੋਕਾਂ ਦੇ ਘਰਾਂ ਦੀ ਜਾਂਚ ਵੀ ਕੀਤੀ।
ਮਾਮਲੇ ਦੀ ਬਰੀਕੀ ਨਾਲ ਜਾਂਚ:-ਇਸ ਮਾਮਲੇ ਸੰਬੰਧੀ ਥਾਣਾ ਖਾਲੜਾ ਦੇ ਐਸ.ਐਚ.ਓ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦੇ ਮਾਮਲੇ ਵਿੱਚ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨ ਕਲਮਬੰਦ ਕਰਕੇ ਉਕਤ ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਬੱਚੇ ਰਣਜੀਤ ਸਿੰਘ ਨੂੰ ਮਿਲੇ ਗੁਟਕਾ ਸਾਹਿਬ ਜੀ ਦੇ ਅੰਗ:-ਉੱਥੇ ਹੀ ਇਹ ਗੱਲ ਦੱਸਣੀ ਜਰੂਰੀ ਹੈ ਕਿ ਜੋ ਅੰਗ ਛੋਟੇ ਬੱਚੇ ਰਣਜੀਤ ਸਿੰਘ ਨੂੰ ਮਿਲੇ ਸਨ, ਉਹ ਤਕਰੀਬਨ 16 ਦੇ ਕਰੀਬ ਸਨ ਅਤੇ ਕੁੱਝ ਅੰਗਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅਗਨੀ ਭੇਂਟ ਵੀ ਕੀਤਾ ਗਿਆ ਹੈ, ਜਿਸ ਦੀ ਰਾਖ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕੀ ਕੁਝ ਸਾਲ ਪਹਿਲਾਂ ਵੀ ਖਾਲੜਾ ਵਿੱਚ ਇਸੇ ਤਰ੍ਹਾਂ ਹੀ ਗੁਟਕਾ ਸਾਹਿਬ ਜੀ ਦੇ ਫੱਟੇ ਹੋਏ ਅੰਗ ਗਲੀ ਵਿੱਚ ਨਾਲੀਆਂ ਵਿੱਚ ਬਰਾਮਦ ਕੀਤੇ ਗਏ ਸਨ। ਜਿਸ ਮਾਮਲੇ ਸਬੰਧੀ ਪੁਲਿਸ ਨੇ ਬੇਸ਼ੱਕ ਪਰਚਾ ਦਰਜ ਕੀਤਾ, ਪਰੰਤੂ ਸ਼ਰਾਰਤੀ ਅਨਸਰ ਜਿਸ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਬੇਅਦਬੀ ਕੀਤੀ ਗਈ ਸੀ, ਉਸ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।