ਤਰਨ ਤਾਰਨ: ਪੰਜਾਬ ਸਰਹੱਦੀ ਸੂਬਾ ਹੋਣ ਦੇ ਚੱਲਦਿਆਂ ਕਈ ਵਾਰ ਪਾਕਿਸਤਾਨ ਤੋਂ ਨਸ਼ਾ ਤਸਕਰੀ ਜਾਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸਰਹੱਦ 'ਤੇ ਕਈ ਵਾਰ ਡਰੋਨ ਵੀ ਦੇਖੇ ਗਏ ਹਨ।
ਇਸ ਵਿਚਾਲੇ ਅੱਜ ਤੜਕਸਾਰ ਖੇਮਕਰਨ ਖੇਤਰ 'ਚ ਫਿਰੋਜ਼ਪੁਰ ਸਰਹੱਦ 'ਤੇ ਬੀ.ਐੱਸ.ਐਫ. ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸੀਮਾ ਸੁਰੱਖਿਆ ਬਲ ਦੀ 103 ਬਟਾਲੀਅਨ ਦੀ ਟੁਕੜੀ ਸਰਹੱਦ 'ਤੇ ਗਸ਼ਤ ਕਰ ਰਹੀ ਸੀ। ਇਸ ਗਸਤ ਦੌਰਾਨ ਬੀ.ਐਸ.ਐਫ ਵੱਲੋਂ ਹੈਰੋਇਨ ਦੀ ਤਸਕਰੀ ਕਰ ਰਹੇ ਪਾਕਿਸਤਾਨੀ ਡਰੋਨ ਨੂੰ ਡੇਗ ਲਿਆ ਹੈ। ਜਿਸ ਨੂੰ ਬੀ.ਐਸ.ਐਫ ਵੱਲੋਂ ਕਬਜ਼ੇ ਲੈ ਲਿਆ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਦੀ ਸੀਮਾ ਚੌਕੀ ਠੱਠੀ ਜੈਮਲ ਸਿੰਘ ਅਧੀਨ ਪੈਂਦੇ ਖੇਤਰ 'ਚ ਅੱਜ ਤੜਕੇ ਤਿੰਨ ਵਜੇ ਫੌਜੀ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ 'ਚ ਦੇਖਿਆ, ਜਿਸ ਨੂੰ ਜਵਾਨਾਂਂ ਨੇ ਕਰੀਬ 48 ਰਾਊਂਡ ਫਾਇਰ ਕਰਕੇ ਡੇਗ ਲਿਆ। ਇਸ ਦੌਰਾਨ ਕਰੀਬ 4 ਕਿੱਲੋ 400 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਕਰੀਬ ਚਾਰ ਕਿਲੋਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਦੱਸੀ ਜਾ ਰਹੀ ਹੈ।