67 ਸਾਲ ਬਾਅਦ ਬੀਬੀ ਹਸ਼ਮਤ ਕੌਰ ਪਹੁੰਚੀ ਭਾਰਤ ਸ੍ਰੀ ਖਡੂਰ ਸਾਹਿਬ: ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਲੱਖਾਂ ਹੀ ਪਰਿਵਾਰ ਇੱਕ-ਦੂਜੇ ਤੋਂ ਵਿਛੜ ਗਏ ਸਨ, ਜੋ ਅੱਜ ਵੀ ਇਸ ਦਰਦ ਨੂੰ ਭੋਗ ਰਹੇ ਹਨ। ਬਹੁਤ ਸਾਰੇ ਪਰਿਵਾਰ ਭਾਰਤ ਤੋਂ ਪਾਕਿਸਤਾਨ ਬੈਠੇ ਅਪਣਿਆਂ ਨਾਲ ਅਤੇ ਬਹੁਤ ਸਾਰੇ ਪਰਿਵਾਰ ਵਾਲੇ ਪਾਕਿਸਤਾਨ ਵਿੱਚ ਬੈਠੇ ਅਪਣਿਆਂ ਨਾਲ ਮਿਲਣ ਲਈ ਅੱਜ ਵੀ ਤੜਪ ਰਹੇ ਹਨ। ਜਿਨ੍ਹਾਂ ਨੇ ਉਹ ਸਮਾਂ ਦੇਖਿਆ ਉਹ ਅੱਜ ਬਜ਼ੁਰਗ ਹੋ ਚੁੱਕੇ ਹਨ ਅਤੇ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਹਾਲਾਤ ਬਿਆਨ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ।
ਅਜਿਹਾ ਹੀ ਇਕ ਪਰਿਵਾਰਿਕ ਮੈਂਬਰ ਪਾਕਿਸਤਾਨ ਤੋਂ ਭਾਰਤ ਪਰਤਿਆ ਹੈ, ਜੋ ਅਪਣਿਆ ਨਾਲ ਮਿਲਿਆ ਤੇ ਖੁਸ਼ੀ ਤੇ ਗ਼ਮੀ ਦੇ ਪਲ ਸਾਂਝੇ ਕਰਦੇ ਨਜ਼ਰ ਆਏ। ਬੀਬੀ ਹਸ਼ਮਤ ਦਾ 67 ਸਾਲਾਂ ਬਾਅਦ ਭਾਰਤ ਵਿਚ ਪਹੁੰਚੀ ਜਿਸ ਦਾ ਪਰਿਵਾਰ ਨੇ ਖੂਬ ਜ਼ੋਰਾਂ-ਸ਼ੋਰਾਂ ਨਾਲ ਸਵਾਗਤ ਕੀਤਾ। ਉਹ ਵੀ ਅਪਣੀ ਭਤੀਜਿਆਂ ਤੇ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਨਜ਼ਰ ਆਈ। ਕਸਬੇ ਦੇ ਲੋਕਾਂ ਜਿੰਨਾਂ 'ਚ ਬੀਬੀਆਂ ਵੀ ਸ਼ਾਮਲ ਸਨ, ਵੱਲੋਂ ਫੁੱਲਾਂ ਦਾ ਹਾਰ ਪਾਉਂਦਿਆਂ ਅਤੇ ਢੋਲੀ ਵੱਲੋਂ ਢੋਲ ਵਜਾ ਕੇ ਹਸਰਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ।
ਹਸ਼ਮਤ ਕੌਰ ਨੇ ਸੁਣਾਈ ਹੱਡ ਬੀਤੀ:ਘਰ ਪਹੁੰਚਣ ਉਪਰੰਤ ਬੀਬੀ ਹਸ਼ਮਤ (85 ਕੁ ਸਾਲ) ਨੇ ਆਪਣੇ ਭਤੀਜਿਆਂ ਦੀ ਮੌਜੂਦਗੀ 'ਚ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦ ਉਹ ਕਰੀਬ 15 ਕੁ ਸਾਲਾਂ ਦੀ ਸੀ, ਤਾਂ ਉਹ ਆਪਣੇ ਪਿਤਾ ਬੂਟਾ ਮੁਹੰਮਦ ਨਾਲ ਆਪਣੇ ਨਾਨਕੇ ਪਿੰਡ ਉੱਚਾ ਜ਼ਿਲ੍ਹਾ ਕਪੂਰਥਲਾ ਵਿਖੇ ਵਿਆਹ ਵੇਖਣ ਲਈ ਗਏ ਹੋਏ ਸਨ ਕਿ ਅਚਾਨਕ ਭਾਰਤ ਪਾਕਿਸਤਾਨ ਦੀ ਵੰਡ ਦਾ ਰੌਲਾ ਪੈ ਗਿਆ। ਜਦਕਿ ਰੌਲਾ-ਰੱਪਾ ਪੈਣ ਤੋਂ ਪਹਿਲਾਂ ਹੀ ਉਸ ਦੇ ਪਿਤਾ ਆਪਣੇ ਘਰ ਖਡੂਰ ਸਾਹਿਬ ਆ ਚੁੱਕੇ ਸੀ। ਉਹ ਆਪਣੇ ਨਾਨਕੇ ਪਰਿਵਾਰ ਸਮੇਤ ਪਾਕਿਸਤਾਨ ਵਿੱਚ ਚਲੀ ਗਈ ਸੀ, ਜਦਕਿ ਇਸ ਸਮੇਂ ਉਹ ਪਿੰਡ ਬਾਰਾ ਚੱਕ ਤਹਿਸੀਲ ਮਲਸੀਆਂ ਜ਼ਿਲ੍ਹਾ ਬਿਆੜੀ ਸਿੰਧ ਪੰਜਾਬ, ਪਾਕਿਸਤਾਨ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ।
ਭਾਰਤ ਆ ਕੇ ਬਹੁਤ ਖੁਸ਼:ਕੁਝ ਚਿਰ ਸਮਾਂ ਬੀਤਣ ਤੋਂ ਬਾਅਦ ਉਸ ਦਾ ਪਾਕਿਸਤਾਨ ਵਿੱਚ ਹੀ ਰਹਿਮਤ ਅਲੀ ਨਾਲ ਵਿਆਹ ਕਰ ਦਿੱਤਾ ਗਿਆ। ਜਿਸ ਤੋ ਬਾਅਦ ਉਸ ਦੇ ਘਰ 3 ਬੱਚੇ ਪੈਦਾ ਹੋਏ, ਜਿਨ੍ਹਾਂ 'ਚ 1 ਲੜਕਾ ਅਤੇ 2 ਲੜਕੀਆਂ ਸ਼ਾਮਲ ਹਨ। ਹੁਣ ਉਹ ਆਪਣਾ ਵਧੀਆ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 1980 ਵਿੱਚ ਜਦ ਉਨ੍ਹਾਂ ਦਾ ਪਿਤਾ ਪਾਕਿਸਤਾਨ ਆਏ ਸੀ ਅਤੇ ਪਿਛਲੇ ਸਾਲ 2022 ਵਿਚ ਉਸ ਦਾ ਭਤੀਜਾ ਸਵਰਨਦੀਨ ਉਸ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ। ਹੁਣ ਅੱਜ ਉਸਨੂੰ ਭਾਰਤ ਵਿਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਸ ਨੂੰ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ 'ਤੇ ਪਿੰਡ ਵਾਸੀਆਂ ਵੱਲੋਂ ਬਹੁਤ ਮਾਣ ਸਤਿਕਾਰ ਦਿੱਤਾ ਗਿਆ ਹੈ ਜਿਸ ਨੂੰ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਤੱਕ ਯਾਦ ਰੱਖਣਗੇ। ਬੀਬੀ ਹਸ਼ਮਤ ਦਾ ਸਵਾਗਤ ਕਰਨ ਵਾਲਿਆਂ ਵਿੱਚ ਬਾਬਾ ਗੁਰਵਿੰਦਰ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ, ਸੂਬੇਦਾਰ ਬਲਕਾਰ ਸਿੰਘ, ਗੁਰਭੇਜ ਸਿੰਘ ਫੋਜੀ, ਚਰਨਜੀਤ ਸਿੰਘ, ਦਿਲਬਾਗ ਸਿੰਘ ਖਹਿਰਾ, ਕੁਲਦੀਪ ਸਿੰਘ ਪੱਪੂ ਖੱਦਰ ਭੰਡਾਰ, ਪੰਚ ਪੱਪੂ, ਬਾਵਾ ਖਡੂਰ ਸਾਹਿਬ ਆਦਿ ਤੋ ਇਲਾਵਾ ਕਸਬੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।