ਤਰਨਤਾਰਨ:ਵਿਧਾਨਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬੇਗੇਪੁਰ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸਦਾ ਕਾਰਨ ਇਹ ਹੈ ਕਿ ਇਸ ਸਕੂਲ ਨੂੰ ਸਿਰਫ ਇੱਕ ਹੀ ਮਹਿਲਾ ਅਧਿਆਪਕ ਚਲਾਉਂਦੀ ਹੈ ਅਤੇ ਉਹ ਵੀ ਸਕੂਲ ਚ ਲੇਟ ਆਉਣ ਕਾਰਨ ਸਕੂਲ ਚ ਆਉਣ ਵਾਲੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਰਕਾਰੀ ਮਿਡਲ ਸਮਾਰਟ ਸਕੂਲ ਨੂੰ ਇੱਕ ਮਹਿਲਾ ਅਧਿਆਪਕ ਵੱਲੋਂ ਚਲਾਇਆ ਜਾਂਦਾ ਹੈ ਪਰ ਜੇਕਰ ਜਦੋ ਉਹ ਅਧਿਆਪਕ ਸਕੂਲ ਆਉਣ ਨੂੰ ਦੇਰ ਹੋ ਜਾਂਦੀ ਹੈ ਤਾਂ ਸਕੂਲ ਨੂੰ ਤਾਲਾ ਲਗਾ ਵੇਖ ਕੇ ਬੱਚੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ। ਜਿਸ ਕਾਰਨ ਬੱਚਿਆ ਦੀ ਪੜਾਈ ’ਤੇ ਕਾਫੀ ਅਸਰ ਪੈ ਰਿਹਾ ਹੈ। ਜਿਸ ਕਾਰਨ ਬੱਚਿਆ ਦੇ ਮਾਪਿਆਂ ਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧ ’ਚ ਬੱਚਿਆ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਮਾਪਿਆਂ ਨੇ ਦੱਸਿਆ ਕਿ ਸਕੂਲ ਨੂੰ ਤਾਲਾ ਲੱਗਾ ਵੇਖ ਕੇ ਬੱਚੇ ਘਰਾਂ ਨੂੰ ਮੁੜ ਜਾਂਦੇ ਹਨ ਪਰ ਬਾਅਦ ’ਚ ਉਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ। ਜਿਸ ਕਾਰਨ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।