ਤਰਨ ਤਾਰਨ: ਥਾਣਾ ਹਰੀਕੇ ਦੇ ਅਧੀਨ ਪੈਂਦੇ ਪਿੰਡ ਜੋਣੋਕੇ ਦੇ ਵਸਨੀਕ ਕੁਲਵੰਤ ਸਿੰਘ ਨੇ ਆਪਣੇ ਭਰਾ ਬਲਦੇਵ ਸਿੰਘ, ਕਰਨੈਲ ਸਿੰਘ ਅਤੇ ਪਿੰਡ ਦੇ ਵਿਅਕਤੀ ਰਾਮ ਪ੍ਰਕਾਸ਼ ਉਤੇ ਉਸ ਦੀ ਜ਼ਮੀਨ ਦੇ ਜਾਅਲੀ ਕਾਗਜ਼ਾਤ ਬਣਾ ਕੇ ਜ਼ਬਰਦਸਤੀ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਜਦਕਿ ਪੀੜਤ ਪਰਿਵਾਰ ਨੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਉੱਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
ਪੀੜਤ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਬਲਦੇਵ ਸਿੰਘ ਨੇ ਸਾਂਝੇ ਖਾਤੇ ਵਿਚੋਂ ਉਸ ਦੀ ਜ਼ਮੀਨ ਦੇ ਜਾਅਲੀ ਕਾਗਜ਼ਾਤ ਬਣਾ ਕੇ ਪਿੰਡ ਦੇ ਹੀ ਵਿਅਕਤੀ ਰਾਮ ਪ੍ਰਕਾਸ਼ ਨੂੰ ਜ਼ਮੀਨ ਵੇਚ ਦਿੱਤੀ ਅਤੇ ਉਸ ਨੇ ਬਲਦੇਵ ਸਿੰਘ ਅਤੇ ਰਾਮ ਪ੍ਰਕਾਸ਼ ਦੇ ਖਿਲਾਫ਼ ਮਾਣਯੋਗ ਸੀਜੀਐਮ ਪੱਟੀ ਗੁਰਪ੍ਰੀਤ ਸਿੰਘ ਦੀ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ ਤੇ ਅਦਾਲਤ ਨੇ ਉਸ ਨੂੰ ਸਟੇਅ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਵਿਅਕਤੀਆਂ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਸਰੇਆਮ ਗੁੰਡਾਗਰਦੀ ਕਰਦੇ ਹੋਏ ਬੀਤੀ 8 ਜਨਵਰੀ ਨੂੰ ਬਲਦੇਵ ਸਿੰਘ, ਰਾਮ ਪ੍ਰਕਾਸ਼ ਉਸ ਦੀ ਪਤਨੀ ਤੇ ਉਸਦੇ ਲੜਕੇ ਗਗਨਦੀਪ ਸਿੰਘ 'ਤੇ ਉਕਤ ਵਿਅਕਤੀਆਂ ਨੇ ਉਸ ਦੀ ਤੇ ਉਸਦੀ ਪਤਨੀ ਦੀ ਕੁੱਟਮਾਰ ਕੀਤੀ ਤੇ ਉਸ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਕੁਲਵੰਤ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਉਸ ਦੀ ਜ਼ਮੀਨ ਵਿੱਚ ਬੀਜੇ ਕਮਾਦ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਗੁੰਡਾਗਰਦੀ ਦਾ ਸਰੇਆਮ ਨੰਗਾ ਨਾਚ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।