ਚੰਡੀਗੜ੍ਹ : ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚ ਪਿਛਲੇ ਦਿਨੀਂ ਹੋਈ ਗੈਂਗਵਾਰ ਵਿਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ। ਇਸ ਵਿਚ ਮਾਰੇ ਗਏ ਦੋ ਗੈਂਗਸਟਰਾਂ ਮੋਹਣ ਸਿੰਘ ਮੋਹਣਾ ਤੇ ਤੂਫਾਨ ਦਾ ਸਬੰਧ ਸਿੱਧੇ ਤੌਰ ਉਤੇ ਮੂਸੇਵਾਲਾ ਕਤਲ ਕਾਂਡ ਨਾਲ ਦੱਸਿਆ ਜਾ ਰਿਹਾ ਸੀ। ਮੂਸੇਵਾਲਾ ਕਤਲ ਕਾਂਡ ਦੇ ਦੋਸ਼ ਹੇਠ ਇਹ ਦੋਵੇਂ ਗੈਂਗਸਟਰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ, ਪਰ ਇਕ ਗੈਂਗਵਾਰ ਵਿਚ ਦੋਵਾਂ ਦੀ ਮੌਤ ਹੋ ਗਈ ਸੀ।
ਗੈਂਗਸਟਰਾਂ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਅਪਲੋਡ :ਇਸ ਸਬੰਧੀ ਦੂਜੀ ਧਿਰ ਦੇ ਗੈਂਗਸਟਰਾਂ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਗਈ ਹੈ, ਜਿਸ ਵਿਚ ਉਹ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਭਾਈ ਦਾ ਬਦਲਾ ਲਿਆ ਹੈ। ਵੀਡੀਓ ਰਾਹੀਂ ਇਨ੍ਹਾਂ ਗੈਂਗਸਟਰਾਂ ਨੇ ਕਿਹਾ ਹੈ ਕਿ ਇਹ ਦੋਵੇਂ ਜੱਗੂ ਭਗਵਾਨਪੁਰੀਆ ਨੂੰ ਆਪਣਾ ਬਾਪ ਮੰਨਦੇ ਸਨ, ਜਿਨ੍ਹਾਂ ਨੂੰ ਅਸੀਂ ਜੇਲ੍ਹ ਵਿਚ ਮਾਰਿਆ ਹੈ। ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।
ਵਿਰੋਧੀਆਂ ਨੇ ਘੇਰੀ ਸਰਕਾਰ :ਇਸ ਵੀਡੀਓ ਉਤੇ ਵਿਰੋਧੀ ਪਾਰਟੀਆਂ ਇਕ ਵਾਰ ਫਿਰ ਸਰਕਾਰ ਨੂੰ ਘੇਰ ਰਹੀਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਪਹਿਲਾਂ ਅਜਨਾਲਾ ਕਾਂਡ ਤੇ ਫਿਰ ਹੁਣ ਇਹ ਗੈਂਗਸਟਰਾਂ ਵੱਲੋਂ ਸ਼ਰੇਆਮ ਜੇਲ੍ਹ ਵਿਚੋਂ ਵੀਡੀਓ ਬਣਾ ਕੇ ਆਪਣੀ ਦਹਿਸ਼ਤ ਜਮਾਉਣਾ, ਕਾਨੂੰਨ ਪ੍ਰਬੰਧਾਂ ਦੀ ਵੱਡੀ ਅਣਗਹਿਲੀ ਦਾ ਸਬੂਤ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵੀ ਕੋਲ ਮੂਕਦਰਸ਼ਕ ਬਣ ਕੇ ਖੜ੍ਹੇ ਹੋਏ ਹਨ ਤੇ ਗੈਂਗਸਟਰ ਵੀਡੀਓ ਬਣਾ ਰਹੇ ਹਨ।